ਗਉੜੀ ਮਹਲਾ ੫ ॥
ਕਲਿ ਕਲੇਸ ਗੁਰ ਸਬਦਿ ਨਿਵਾਰੇ ॥
ਆਵਣ ਜਾਣ ਰਹੇ ਸੁਖ ਸਾਰੇ ॥੧॥

ਭੈ ਬਿਨਸੇ ਨਿਰਭਉ ਹਰਿ ਧਿਆਇਆ ॥
ਸਾਧਸੰਗਿ ਹਰਿ ਕੇ ਗੁਣ ਗਾਇਆ ॥੧॥ ਰਹਾਉ ॥

ਚਰਨ ਕਵਲ ਰਿਦ ਅੰਤਰਿ ਧਾਰੇ ॥
ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥੨॥

ਬੂਡਤ ਜਾਤ ਪੂਰੈ ਗੁਰਿ ਕਾਢੇ ॥
ਜਨਮ ਜਨਮ ਕੇ ਟੂਟੇ ਗਾਢੇ ॥੩॥

ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥
ਜਿਸੁ ਭੇਟਤ ਗਤਿ ਭਈ ਹਮਾਰੀ ॥੪॥੫੬॥੧੨੫॥

Sahib Singh
ਕਲਿ = ਦੁੱਖ, ਮਾਨਸਕ ਝਗੜੇ ।
ਗੁਰ ਸਬਦਿ = ਗੁਰੂ ਦੇ ਸ਼ਬਦ ਨੇ ।
ਰਹੇ = ਮੁੱਕ ਗਏ ।੧ ।
ਬਿਨਸੇ = ਦੂਰ ਹੋ ਗਏ ।੧।ਰਹਾਉ ।
ਚਰਨ ਕਵਲ = ਕੌਲ ਫੁੱਲ ਵਰਗੇ ਸੋਹਣੇ ਚਰਨ ।
ਧਾਰੇ = ਟਿਕਾਏ ।
ਗੁਰਿ = ਗੁਰੂ ਨੇ ।੨ ।
ਬੂਡਤ ਜਾਤ = ਡੁੱਬਦੇ ਜਾਂਦੇ ।
ਗਾਢੇ = ਗੰਢ ਦਿੱਤੇ, ਜੋੜ ਦਿੱਤੇ ।੩ ।
ਭੇਟਤ = ਮਿਲਿਆਂ ।
ਗਤਿ = ਉੱਚੀ ਆਤਮਕ ਅਵਸਥਾ ।੪ ।
    
Sahib Singh
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ, ਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ (ਆਪਣੇ ਹਿਰਦੇ ਵਿਚ) ਧਰਿਆ ਹੈ, ਉਹਨਾਂ ਦੇ (ਦੁਨੀਆ ਵਾਲੇ ਸਾਰੇ) ਡਰ ਦੂਰ ਹੋ ਗਏ ਹਨ ।੧।ਰਹਾਉ ।
(ਸਾਧ ਸੰਗਤਿ ਵਿਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ) ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ।੧ ।
(ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ, ਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੁੰਦਰ ਵਿਚੋਂ ਪਾਰ ਲੰਘਾ ਦਿੱਤਾ ।੨ ।
(ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ (ਬਾਹੋਂ ਫੜ ਕੇ ਬਾਹਰ) ਕੱਢ ਲਿਆ (ਜਦੋਂ ਉਹ ਸਾਧ ਸੰਗਤਿ ਵਿਚ ਅੱਪੜ ਗਏ), ਉਹਨਾਂ ਨੂੰ (ਪਰਮਾਤਮਾ ਨਾਲੋਂ) ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ (ਗੁਰੂ ਨੇ ਮੁੜ ਪਰਮਾਤਮਾ ਦੇ ਨਾਲ) ਮਿਲਾ ਦਿੱਤਾ ।੩ ।
ਹੇ ਨਾਨਕ! ਆਖ—ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ।੪।੫੬।੧੨੪ ।
Follow us on Twitter Facebook Tumblr Reddit Instagram Youtube