ਗਉੜੀ ਮਹਲਾ ੫ ॥
ਕਰ ਕਰਿ ਟਹਲ ਰਸਨਾ ਗੁਣ ਗਾਵਉ ॥
ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥

ਭਲੋ ਸਮੋ ਸਿਮਰਨ ਕੀ ਬਰੀਆ ॥
ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥

ਨੇਤ੍ਰ ਸੰਤਨ ਕਾ ਦਰਸਨੁ ਪੇਖੁ ॥
ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥

ਸੁਣਿ ਕੀਰਤਨੁ ਸਾਧ ਪਹਿ ਜਾਇ ॥
ਜਨਮ ਮਰਣ ਕੀ ਤ੍ਰਾਸ ਮਿਟਾਇ ॥੩॥

ਚਰਣ ਕਮਲ ਠਾਕੁਰ ਉਰਿ ਧਾਰਿ ॥
ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥

Sahib Singh
ਕਰ = ਹੱਥਾਂ ਨਾਲ ।
ਕਰਿ = ਕਰ ਕੇ ।
ਰਸਨਾ = ਜੀਭ ਨਾਲ ।
ਗਾਵਉ = ਗਾਵਉਂ, ਮੈਂ ਗਾਂਦਾ ਹਾਂ ।
ਚਰਨ = ਪੈਰਾਂ ਨਾਲ ।
ਮਾਰਗਿ = ਰਸਤੇ ਉਤੇ ।
ਧਾਵਉ = ਧਾਵਉਂ, ਮੈਂ ਦੌੜਦਾ ਹਾਂ ।੧ ।
ਭਲੋ = ਭਲਾ, ਚੰਗਾ, ਸੁਹਾਵਣਾ ।
ਸਮੋ = ਸਮਾ, ਵੇਲਾ ।
ਬਰੀਆ = ਵਾਰੀ, ਅਵਸਰ ।
ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ} ।੧।ਰਹਾਉ।ਨੇਤ੍ਰ—ਅੱਖਾਂ ਨਾਲ ।
ਪੇਖੁ = ਵੇਖ ।
ਲੇਖੁ = ਲਿਖ ।੨ ।
ਸਾਧ ਪਹਿ = ਗੁਰੂ ਦੇ ਕੋਲ ।
ਜਾਇ = ਜਾ ਕੇ ।
ਤ੍ਰਾਸ = ਡਰ ।
ਮਿਟਾਇ = ਦੂਰ ਕਰ ।੩ ।
ਉਰਿ = ਹਿਰਦੇ ਵਿਚ ।
ਧਾਰਿ = ਰੱਖ ।
ਦੇਹ = ਸਰੀਰ ।
ਨਿਸਤਾਰਿ = ਪਾਰ ਲੰਘਾ ।੪ ।
    
Sahib Singh
(ਹੇ ਮੇਰੇ ਮਨ! ਮਨੁੱਖਾ ਜਨਮ ਦਾ ਇਹ) ਸੋਹਣਾ ਸਮਾਂ (ਤੈਨੂੰ ਮਿਲਿਆ ਹੈ ।
ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ) ਸਿਮਰਨ ਦਾ ਵੇਲਾ ਹੈ, (ਇਸ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ (ਸੰਸਾਰ ਦੇ ਅਨੇਕਾਂ) ਡਰਾਂ ਤੋਂ ਪਾਰ ਲੰਘ ਸਕੀਦਾ ਹੈ ।੧।ਰਹਾਉ ।
(ਹੇ ਭਾਈ! ਆਪਣੇ ਗੁਰੂ ਦੀ ਮਿਹਰ ਸਦਕਾ) ਮੈਂ ਆਪਣੇ ਹੱਥਾਂ ਨਾਲ (ਗੁਰਮੁਖਾਂ ਦੀ) ਸੇਵਾ ਕਰਦਾ ਹਾਂ ਤੇ ਜੀਭ ਨਾਲ (ਪਰਮਾਤਮਾ ਦੇ) ਗੁਣ ਗਾਂਦਾ ਹਾਂ, ਤੇ ਪੈਰਾਂ ਨਾਲ ਮੈਂ ਪਰਮਾਤਮਾ ਦੇ ਰਸਤੇ ਉਤੇ ਚੱਲ ਰਿਹਾ ਹਾਂ ।੧ ।
(ਹੇ ਭਾਈ! ਤੂੰ ਭੀ) ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸਨ ਕਰ, (ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਆਪਣੇ ਮਨ ਵਿਚ ਅਬਿਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੁ ।੨ ।
(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਜਾ ਕੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਸੁਣਿਆ ਕਰ ਤੇ ਇਸ ਤ੍ਰਹਾਂ ਜਨਮ ਮਰਨ ਵਿਚ ਪਾਣ ਵਾਲੀ ਆਤਮਕ ਮੌਤ ਦਾ ਡਰ (ਆਪਣੇ ਅੰਦਰੋਂ) ਦੂਰ ਕਰ ਲੈ ।੩ ।
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ ।
ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇਸ ਨੂੰ (ਸਿਮਰਨ ਦੀ ਬਰਕਤਿ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾ ਲੈ ।੪।੫੧।੧੨੦ ।
Follow us on Twitter Facebook Tumblr Reddit Instagram Youtube