ਗਉੜੀ ਮਹਲਾ ੫ ॥
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥
ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥

ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥
ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥

ਚਰਨ ਕਮਲ ਅਰਾਧਿ ਭਗਵੰਤਾ ॥
ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥

ਸਭ ਤਜਿ ਅਨਾਥੁ ਏਕ ਸਰਣਿ ਆਇਓ ॥
ਊਚ ਅਸਥਾਨੁ ਤਬ ਸਹਜੇ ਪਾਇਓ ॥੩॥

ਦੂਖੁ ਦਰਦੁ ਭਰਮੁ ਭਉ ਨਸਿਆ ॥
ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥

Sahib Singh
ਸੰਤ ਪ੍ਰਸਾਦਿ = ਗੁਰੂ = ਸੰਤ ਦੀ ਕਿਰਪਾ ਨਾਲ ।
ਤਬ ਤੇ = ਤਦੋਂ ਤੋਂ ।
ਧਾਵਤੁ = ਭਟਕਦਾ ।
ਤਿ੍ਰਪਤਾਇਆ = ਤਿ੍ਰਪਤ ਹੋ ਗਿਆ ਹੈ, ਰੱਜ ਗਿਆ ਹੈ ।੧ ।
ਸੁਖ ਬਿਸਰਾਮੁ = ਆਤਮਕ ਆਨੰਦ ਦੇਣ ਦਾ ਵਸੀਲਾ-ਪ੍ਰਭੂ ।
ਗਾਇ = ਗਾ ਕੇ ।
ਸ੍ਰਮੁ = ਥਕਾਵਟ ।
ਹਤੀ = ਮਾਰੀ ਗਈ ।੧।ਰਹਾਉ ।
ਅਰਾਧਿ = ਧਿਆਨ ਧਰ ਕੇ ।
ਤੇ = ਤੋਂ, ਨਾਲ ।੨ ।
ਤਜਿ = ਛੱਡ ਕੇ ।
ਏਕ ਸਰਣਿ = ਇਕ ਪਰਮਾਤਮਾ ਦੀ ਸਰਨ ।
ਸਹਜੇ = ਆਤਮਕ ਅਡੋਲਤਾ ਵਿਚ ।੩ ।
ਭਰਮੁ = ਭਟਕਣਾ ।
ਮਨਿ = ਮਨ ਵਿਚ ।੪ ।
    
Sahib Singh
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣ ਗਾ ਕੇ ਮੈਂ (ਉਹ) ਆਤਮਕ ਆਨੰਦ ਦਾ ਦਾਤਾ (ਪਰਮਾਤਮਾ) ਲੱਭ ਲਿਆ ਹੈ ।
(ਹੁਣ ਮਾਇਆ ਦੀ ਖ਼ਾਤਰ ਮੇਰੀ) ਦੌੜ-ਭੱਜ ਮਿਟ ਗਈ ਹੈ, (ਮੇਰੀ ਮਾਇਆ ਦੀ ਤ੍ਰਿਸ਼ਨਾ ਦੀ) ਬਲਾ ਮਰ ਮੁੱਕ ਗਈ ਹੈ ।੧।ਰਹਾਉ ।
(ਹੇ ਭਾਈ! ਜਦੋਂ ਤੋਂ) ਗੁਰੂ-ਸੰਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤਦੋਂ ਤੋਂ (ਮਾਇਆ ਦੀ ਖ਼ਾਤਰ) ਦੌੜਨ ਵਾਲਾ (ਮੇਰਾ) ਮਨ ਤਿ੍ਰਪਤ ਹੋ ਗਿਆ ਹੈ ।੧ ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਭਗਵਾਨ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਪਰਮਾਤਮਾ ਦਾ ਨਾਮ ਸਿਮਰਨ ਨਾਲ ਮੇਰੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ ਹੈ ।੨ ।
(ਹੇ ਭਾਈ! ਜਦੋਂ) ਮੈਂ ਅਨਾਥ ਹੋਰ ਸਾਰੇ ਆਸਰੇ ਛੱਡ ਕੇ ਇਕ ਪਰਮਾਤਮਾ ਦੀ ਸਰਨ ਆ ਗਿਆ, ਤਦੋਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਹ ਸਭ (ਟਿਕਾਣਿਆਂ ਤੋਂ) ਉੱਚਾ ਟਿਕਾਣਾ ਪਰਾਪਤ ਕਰ ਲਿਆ ।੩ ।
ਹੇ ਨਾਨਕ! (ਆਖ—ਗੁਰੂ ਦੀ ਕਿਰਪਾ ਨਾਲ) ਸਿਰਜਣਹਾਰ ਪਰਮਾਤਮਾ ਮੇਰੇ ਮਨ ਵਿਚ ਵੱਸ ਗਿਆ ਹੈ (ਤੇ ਹੁਣ ਮੇਰਾ ਹਰੇਕ ਕਿਸਮ ਦਾ) ਦੁੱਖ-ਦਰਦ, ਭਟਕਣ ਤੇ ਡਰ ਦੂਰ ਹੋ ਗਿਆ ਹੈ ।੪।੫੦।੧੧੯ ।
Follow us on Twitter Facebook Tumblr Reddit Instagram Youtube