ਗਉੜੀ ਮਹਲਾ ੫ ॥
ਏਕਸੁ ਸਿਉ ਜਾ ਕਾ ਮਨੁ ਰਾਤਾ ॥
ਵਿਸਰੀ ਤਿਸੈ ਪਰਾਈ ਤਾਤਾ ॥੧॥

ਬਿਨੁ ਗੋਬਿੰਦ ਨ ਦੀਸੈ ਕੋਈ ॥
ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥

ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥
ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥

ਜਾ ਕੈ ਹਰਿ ਧਨੁ ਸੋ ਸਚ ਸਾਹੁ ॥
ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥

ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥
ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥

Sahib Singh
ਏਕਸੁ ਸਿਉ = ਇਕ (ਪਰਮਾਤਮਾ) ਨਾਲ ਹੀ ।
ਜਾ ਕਾ = ਜਿਸ (ਮਨੁੱਖ) ਦਾ ।
ਤਿਸੈ = ਉਸ (ਮਨੁੱਖ) ਨੂੰ ।
ਤਾਤਾ = ਈਰਖਾ, ਸਾੜਾ ।੧ ।
ਕਰਨ ਕਰਾਵਨ = (ਸਭ ਕੁਝ) ਕਰਨ ਦੀ ਤਾਕਤ ਰੱਖਣ ਵਾਲਾ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ।
ਸੋਈ = ਉਹ (ਪਰਮਾਤਮਾ) ਹੀ ।੧।ਰਹਾਉ ।
ਮਨਹਿ = ਮਨ ਵਿਚ, ਮਨ ਲਾ ਕੇ ।
ਮੁਖਿ = ਮੂੰਹ ਨਾਲ ।
ਇਤ = ਇਸ ਲੋਕ ਵਿਚ ।
ਉਤ = ਉਸ ਲੋਕ ਵਿਚ, ਪਰਲੋਕ ਵਿਚ ।
ਕਤਹਿ = ਕਿਤੇ ਭੀ ।੨ ।
ਜਾ ਕੈ = ਜਿਸ ਦੇ ਪਾਸੇ, ਜਿਸ ਦੇ ਹਿਰਦੇ ਵਿਚ ।
ਸਾਹੁ = ਸ਼ਾਹੁ, ਸ਼ਾਹੂਕਾਰ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਗੁਰਿ = ਗੁਰੂ ਨੇ ।
ਵਿਸਾਹੁ = ਇਤਬਾਰ, ਸਾਖ ।੩ ।
ਪੁਰਖੁ = ਸਰਬ = ਵਿਆਪਕ ।
ਜੀਵਨ = (ਸਭ ਜੀਵਾਂ ਦੀ) ਜ਼ਿੰਦਗੀ (ਦਾ ਆਸਰਾ) ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ।੪ ।
    
Sahib Singh
(ਜਿਸ ਮਨੁੱਖ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਕਿਤੇ ਭੀ) ਗੋਬਿੰਦ ਤੋਂ ਬਿਨਾਂ ਹੋਰ ਕੋਈ (ਦੂਜਾ) ਨਹੀਂ ਦਿੱਸਦਾ ।
(ਉਸ ਨੂੰ ਹਰ ਥਾਂ) ਉਹੀ ਕਰਤਾਰ ਦਿੱਸਦਾ ਹੈ ਜੋ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ ।੧।ਰਹਾਉ ।
(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦਾ ਮਨ ਇਕ ਪਰਮਾਤਮਾ ਨਾਲ ਹੀ ਰੰਗਿਆ ਰਹਿੰਦਾ ਹੈ, ਉਸ ਨੂੰ ਹੋਰਨਾਂ ਨਾਲ ਈਰਖਾ ਕਰਨੀ ਭੁੱਲ ਜਾਂਦੀ ਹੈ ।੧ ।
(ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ) ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦਾ ਹੈ, ਉਹ ਮਨੁੱਖ (ਸੁੱਚੇ ਆਤਮਕ ਜੀਵਨ ਦੀ ਪੱਧਰ ਤੋਂ) ਕਦੇ ਭੀ ਨਹੀਂ ਡੋਲਦਾ, ਨਾਹ ਇਸ ਲੋਕ ਵਿਚ ਤੇ ਨਾਹ ਹੀ ਪਰਲੋਕ ਵਿਚ ।੨ ।
(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਉਹ ਐਸਾ ਸ਼ਾਹੂਕਾਰ ਹੈ, ਜੋ ਸਦਾ ਹੀ ਸ਼ਾਹੂਕਾਰ ਟਿਕਿਆ ਰਹਿੰਦਾ ਹੈ ।
ਪੂਰੇ ਗੁਰੂ ਨੇ (ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ) ਸਾਖ ਬਣਾ ਦਿੱਤੀ ਹੈ ।੩।ਹੇ ਨਾਨਕ! ਆਖ—(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਮਿਲ ਪਿਆ ਹੈ ਉਸਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ ਹੈ ।੪।੪੮।੧੧੭ ।
Follow us on Twitter Facebook Tumblr Reddit Instagram Youtube