ਗਉੜੀ ਮਹਲਾ ੫ ॥
ਸੰਤ ਕੀ ਧੂਰਿ ਮਿਟੇ ਅਘ ਕੋਟ ॥
ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥

ਸੰਤ ਕਾ ਦਰਸੁ ਪੂਰਨ ਇਸਨਾਨੁ ॥
ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥

ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥
ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥

ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥
ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥

ਕਹੁ ਨਾਨਕ ਜਾ ਕਾ ਪੂਰਾ ਕਰਮ ॥
ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥

Sahib Singh
ਧੂਰਿ = ਪੈਰਾਂ ਦੀ ਖ਼ਾਕ ।
ਅਘ = ਪਾਪ ।
ਕੋਟਿ = ਕ੍ਰੋੜਾਂ {ਨੋਟ: = ਲਫ਼ਜ਼ ‘ਕੋਟਿ’—ਕ੍ਰੋੜ ।
ਲਫ਼ਜ਼ ਕੋਟੁ = ਕਿਲ੍ਹਾ ।
ਕੋਟ = ਕਿਲ੍ਹੇ} ।
ਪ੍ਰਸਾਦਿ = ਕਿਰਪਾ ਨਾਲ ।
ਛੋਟ = ਖ਼ਲਾਸੀ ।੧ ।
ਜਪੀਐ = ਜਪੀਦਾ ਹੈ ।
ਤੇ = ਤੋਂ, ਨਾਲ ।੧।ਰਹਾਉ ।
ਸੰਗਿ = ਸੰਗਤਿ ਵਿਚ ।
ਦਿ੍ਰਸਟਿ ਆਵੈ = ਦਿੱਸਦਾ ਹੈ ।
ਸਭੁ = ਹਰ ਥਾਂ ।੨ ।
ਵਸਿ = ਵੱਸ ਵਿਚ ।
ਪੰਚਾ = (ਕਾਮਾਦਿਕ) ਪੰਜੇ ।
ਰਿਦੈ = ਹਿਰਦੇ ਵਿਚ ।
ਸੰਚਾ = ਇਕੱਠਾ ਕੀਤਾ ।੩ ।
ਜਾ ਕਾ = ਜਿਸ (ਮਨੁੱਖ) ਦਾ ।
ਕਰਮ = ਭਾਗ ।
ਤਿਸੁ = ਉਸ ਨੂੰ ।
ਸਾਧੂ = ਗੁਰੂ ।੪ ।
    
Sahib Singh
(ਹੇ ਭਾਈ!) ਗੁਰੂ-ਸੰਤ ਦਾ ਦਰਸਨ (ਹੀ) ਮੁਕੰਮਲ (ਤੀਰਥ-) ਇਸ਼ਨਾਨ ਹੈ ।
ਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ।੧।ਰਹਾਉ ।
ਗੁਰੂ-ਸੰਤ ਦੇ ਚਰਨਾਂ ਦੀ ਧੂੜ (ਮੱਥੇ ਤੇ ਲਾਣ) ਨਾਲ (ਮਨੁੱਖ ਦੇ) ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ ।
ਗੁਰੂ-ਸੰਤ ਦੀ ਕਿਰਪਾ ਨਾਲ (ਮਨੁੱਖ ਨੂੰ) ਜਨਮ ਮਰਨ (ਦੇ ਚੱਕਰ) ਤੋਂ ਖ਼ਲਾਸੀ ਮਿਲ ਜਾਂਦੀ ਹੈ ।੧।(ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਅਹੰਕਾਰ ਦੂਰ ਹੋ ਜਾਂਦਾ ਹੈ (ਗੁਰੂ ਦੀ ਸੰਗਤਿ ਵਿਚ ਰਹਿਣ ਵਾਲੇ ਮਨੁੱਖ ਨੂੰ) ਹਰ ਥਾਂ ਇਕ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ।੨ ।
(ਹੇ ਭਾਈ!) ਜਿਸ ਮਨੁੱਖ ਉਤੇ ਗੁਰੂ-ਸੰਤ ਮਿਹਰਬਾਨ ਹੋ ਜਾਏ, (ਕਾਮਾਦਿਕ) ਪੰਜੇ (ਦੂਤ) ਉਸ ਦੇ ਵੱਸ ਵਿਚ ਆ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਇਕੱਠਾ ਕਰ ਲੈਂਦਾ ਹੈ ।੩ ।
(ਪਰ) ਹੇ ਨਾਨਕ! ਆਖ—ਉਸ ਮਨੁੱਖ ਨੂੰ (ਹੀ) ਗੁਰੂ ਦੇ ਚਰਨ (ਪਰਸਣੇ) ਮਿਲਦੇ ਹਨ, ਜਿਸ ਦੀ ਵੱਡੀ (ਚੰਗੀ) ਕਿਸਮਤਿ ਹੋਵੇ ।੪।੪੬।੧੧੫ ।
Follow us on Twitter Facebook Tumblr Reddit Instagram Youtube