ਗਉੜੀ ਮਹਲਾ ੫ ॥
ਵਡੇ ਵਡੇ ਜੋ ਦੀਸਹਿ ਲੋਗ ॥
ਤਿਨ ਕਉ ਬਿਆਪੈ ਚਿੰਤਾ ਰੋਗ ॥੧॥

ਕਉਨ ਵਡਾ ਮਾਇਆ ਵਡਿਆਈ ॥
ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥

ਭੂਮੀਆ ਭੂਮਿ ਊਪਰਿ ਨਿਤ ਲੁਝੈ ॥
ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥

ਕਹੁ ਨਾਨਕ ਇਹੁ ਤਤੁ ਬੀਚਾਰਾ ॥
ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥

Sahib Singh
ਦੀਸਹਿ = ਦਿੱਸਦੇ ਹਨ ।
ਤਿਨ ਕਉ = ਉਹਨਾਂ ਨੂੰ ।
ਬਿਆਪੈ = ਦਬਾਈ ਰੱਖਦੀ ਹੈ ।੧।ਕੋਉ—ਕੋਈ ਭੀ ।
ਮਾਇਆ ਵਡਿਆਈ = ਮਾਇਆ ਦੇ ਕਾਰਨ ਮਿਲੀ ਵਡਿਆਈ ਨਾਲ ।
ਜਿਨਿ = ਜਿਸ ਨੇ ।੧।ਰਹਾਉ ।
ਭੂਮੀਆ = ਜ਼ਮੀਨ ਦਾ ਮਾਲਕ ।
ਭੂਮਿ ਊਪਰਿ = ਜ਼ਮੀਨ ਦੀ ਖ਼ਾਤਰ ।
ਲੁਝੈ = ਲੜਦਾ ਝਗੜਦਾ ਹੈ ।੨ ।
ਤਤੁ = ਨਚੋੜ, ਸਾਰ, ਅਸਲ ਕੰਮ ਦੀ ਗੱਲ ।
ਛੁਟਕਾਰਾ = ਮਾਇਆ ਦੇ ਮੋਹ ਤੋਂ ਖ਼ਲਾਸੀ ।੩ ।
    
Sahib Singh
(ਹੇ ਭਾਈ!) ਮਾਇਆ ਦੇ ਕਾਰਨ (ਜਗਤ ਵਿਚ) ਮਿਲੀ ਵਡਿਆਈ ਨਾਲ ਕੋਈ ਭੀ ਮਨੁੱਖ (ਅਸਲ ਵਿਚ) ਵੱਡਾ ਨਹੀਂ ਹੈ ।
ਉਹ ਮਨੁੱਖ ਹੀ ਵੱਡਾ ਹੈ, ਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ ।੧।ਰਹਾਉ ।
(ਹੇ ਭਾਈ! ਦੁਨੀਆ ਵਿਚ ਧਨ ਪ੍ਰਭੁਤਾ ਆਦਿਕ ਨਾਲ) ਜੇਹੜੇ ਬੰਦੇ ਵੱਡੇ ਵੱਡੇ ਦਿੱਸਦੇ ਹਨ, ਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ ।੧ ।
ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ (ਮਾਲਕੀ ਦੀ) ਖ਼ਾਤਰ (ਹੋਰਨਾਂ ਨਾਲ) ਸਦਾ ਲੜਦਾ-ਝਗੜਦਾ ਰਹਿੰਦਾ ਹੈ (ਇਹ ਜ਼ਮੀਨ ਇਥੇ ਹੀ) ਛੱਡ ਕੇ (ਆਖ਼ਰ ਇਥੋਂ) ਤੁਰ ਪੈਂਦਾ ਹੈ, (ਪਰ ਸਾਰੀ ਉਮਰ ਉਸ ਦੀ ਮਾਲਕੀ ਦੀ) ਤ੍ਰਿਸ਼ਨਾ ਨਹੀਂ ਮਿਟਦੀ ।੨ ।
ਹੇ ਨਾਨਕ! ਆਖ—ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀ ਹੁੰਦੀ (ਤੇ ਜਦ ਤਕ ਮਾਇਆ ਦਾ ਮੋਹ ਕਾਇਮ ਹੈ ਤਦ ਤਕ ਮਨੁੱਖ ਦਾ ਵਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ ।੩।੪੪।੧੧੩ ।
Follow us on Twitter Facebook Tumblr Reddit Instagram Youtube