ਗਉੜੀ ਮਹਲਾ ੫ ॥
ਰੇ ਮਨ ਮੇਰੇ ਤੂੰ ਤਾ ਕਉ ਆਹਿ ॥
ਜਾ ਕੈ ਊਣਾ ਕਛਹੂ ਨਾਹਿ ॥੧॥

ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥
ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥

ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥
ਆਦਿ ਪੁਰਖ ਅਪਰੰਪਰ ਦੇਵ ॥੨॥

ਤਿਸੁ ਊਪਰਿ ਮਨ ਕਰਿ ਤੂੰ ਆਸਾ ॥
ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥

ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥
ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥

Sahib Singh
ਰੇ = ਹੇ !
ਕਉ = ਨੂੰ ।
ਆਹਿ = ਤਾਂਘ ਕਰ ।
ਜਾ ਕੈ = ਜਿਸ ਦੇ ਘਰ ਵਿਚ ।
ਊਣਾ = ਊਣਤਾ, ਘਾਟ, ਕਮੀ ।੧ ।
ਸਾ = ਵਰਗਾ ।
ਕਰਿ = ਬਣਾ ।
ਸਦ = ਸਦਾ ।੧।ਰਹਾਉ ।
ਸੇਵਿ = ਸਿਮਰ, ਸੇਵਾ = ਭਗਤੀ ਕਰ ।
ਆਦਿ = ਸਭ ਦਾ ਮੁੱਢ ।
ਪੁਰਖ = ਸਰਬ = ਵਿਆਪਕ ।
ਅਪਰੰਪਰ = ਪਰੇ ਤੋਂ ਪਰੇ ।੨।ਮਨ—ਹੇ ਮਨ !
ਆਦਿ = ਸ਼ੁਰੂ ਤੋਂ ਹੀ ।
ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ਹੀ ।
ਜਾ ਕਾ = ਜਿਸ ਦਾ ।੩ ।
ਨਾਨਕੁ ਗਾਵੈ = ਨਾਨਕ ਗਾਂਦਾ ਹੈ {ਲਫ਼ਜ਼ ‘ਨਾਨਕੁ’ ਕਰਤਾ ਕਾਰਕ, ਇਕ-ਵਚਨ ਹੈ} ।
ਸੋਇ = ਉਸ ਪ੍ਰਭ ਨੂੰ ਹੀ ।੪ ।
    
Sahib Singh
ਹੇ ਮੇਰੇ ਮਿੱਤਰ ਮਨ! ਪਰਮਾਤਮਾ ਵਰਗਾ ਪ੍ਰੀਤਮ ਬਣਾ, ਉਸ (ਪ੍ਰੀਤਮ ਨੂੰ) ਪ੍ਰਾਣਾਂ ਦੇ ਆਸਰੇ (ਪ੍ਰੀਤਮ) ਨੂੰ ਸਦਾ ਆਪਣੇ ਚਿੱਤ ਵਿਚ ਪ੍ਰੋ ਰੱਖ ।੧।ਰਹਾਉ ।
ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰ, ਜਿਸ ਦੇ ਘਰ ਵਿਚ ਕਿਸੇ ਚੀਜ਼ ਦੀ ਭੀ ਘਾਟ ਨਹੀਂ ਹੈ ।੧ ।
ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ, ਜੋ (ਸਾਰੇ ਜਗਤ ਦਾ) ਮੂਲ ਹੈ, ਜੋ ਸਭ ਵਿਚ ਵਿਆਪਕ ਹੈ ਜੋ ਪਰੇ ਤੋਂ ਪਰੇ ਹੈ (ਬੇਅੰਤ ਹੈ) ਤੇ ਜੋ ਪ੍ਰਕਾਸ਼-ਰੂਪ ਹੈ ।੨ ।
ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਉਤੇ (ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ) ਆਸ ਰੱਖ ਜਿਸ (ਦੀ ਸਹਾਇਤਾ) ਦਾ ਭਰੋਸਾ ਸਦਾ ਤੋਂ ਹੀ (ਸਭ ਜੀਵਾਂ ਨੂੰ ਹੈ) ।੩ ।
(ਹੇ ਭਾਈ!) ਜਿਸ ਪਰਮਾਤਮਾ ਨਾਲ ਪ੍ਰੀਤਿ ਕਰਨ ਦੀ ਬਰਕਤਿ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ, ਨਾਨਕ (ਆਪਣੇ) ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਂਦਾ ਹੈ ।੪।੩੯।੧੦੮ ।
Follow us on Twitter Facebook Tumblr Reddit Instagram Youtube