ਗਉੜੀ ਗੁਆਰੇਰੀ ਮਹਲਾ ੫ ॥
ਕਲਿਜੁਗ ਮਹਿ ਮਿਲਿ ਆਏ ਸੰਜੋਗ ॥
ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥੧॥

ਜਲੈ ਨ ਪਾਈਐ ਰਾਮ ਸਨੇਹੀ ॥
ਕਿਰਤਿ ਸੰਜੋਗਿ ਸਤੀ ਉਠਿ ਹੋਈ ॥੧॥ ਰਹਾਉ ॥

ਦੇਖਾ ਦੇਖੀ ਮਨਹਠਿ ਜਲਿ ਜਾਈਐ ॥
ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥੨॥

ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥
ਤਿਸੁ ਨਾਰੀ ਕਉ ਦੁਖੁ ਨ ਜਮਾਨੈ ॥੩॥

ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ ॥
ਧੰਨੁ ਸਤੀ ਦਰਗਹ ਪਰਵਾਨਿਆ ॥੪॥੩੦॥੯੯॥

Sahib Singh
ਕਲਿਜੁਗ ਮਹਿ = ਜਗਤ ਵਿਚ, ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ ।
ਮਿਲਿ = ਮਿਲ ਕੇ ।
ਸੰਜੋਗ = (ਪਿਛਲੇ) ਸੰਬੰਧਾਂ ਦੇ ਕਾਰਨ ।
ਆਏ = ਆ ਇਕੱਠੇ ਹੁੰਦੇ ਹਨ ।
ਜਿਚਰੁ = ਜਿਤਨਾ ਚਿਰ ।
ਭੋਗਹਿ = ਭੋਗਦੇ ਹਨ ।੧ ।
ਜਲੈ = ਅੱਗ ਵਿਚ ਸੜਿਆਂ ।
ਸਨੇਹੀ = ਪਿਆਰਾ, ਪਿਆਰ ਕਰਨ ਵਾਲਾ ।
ਕਿਰਤਿ = {øÄਯ} ਕਰਨ = ਜੋਗ, ਜਿਸ ਦੇ ਕਰਨ ਦੀ ਤਾਂਘ ਹੈ ।
ਸੰਜੋਗ = ਮਿਲਾਪ ਦੀ ਖ਼ਾਤਰ ।
ਉਠਿ = ਉੱਠ ਕੇ ।੧।ਰਹਾਉ ।
ਦੇਖਾ ਦੇਖੀ = ਵਿਖਾਵੇ ਦੀ ਖ਼ਾਤਰ, ਲੋਕ-ਲਾਜ ਦੀ ਖ਼ਾਤਰ ।
ਹਠਿ = ਹਠ ਨਾਲ ।
ਜਲਿ ਜਾਈਐ = ਸੜ ਜਾਈਦਾ ਹੈ ।
ਪਿ੍ਰਅ ਸੰਗੁ = ਪਿਆਰੇ (ਪਤੀ) ਦਾ ਸਾਥ ।੨ ।
ਸੀਲ = ਮਿੱਠਾ ਸੁਭਾਉ ।
ਸੰਜਮਿ = ਸੰਜਮ ਵਿਚ, ਮਰਯਾਦਾ ਵਿਚ, ਜੁਗਤਿ ਵਿਚ ।
ਪਿ੍ਰਅ = ਪਿਆਰੇ ਦੀ ।
ਜਮਾਨੈ ਦੁਖੁ = ਜਮਾਂ ਦਾ ਦੁੱਖ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ ।੩ ।
ਜਿਨਿ = ਜਿਸ (ਇਸਤਰੀ) ਨੇ ।
ਪਿ੍ਰਉ = ਪਤੀ ।
ਕਰਿ = ਕਰ ਕੇ ।
ਧੰਨੁ = ਸਲਾਹੁਣ = ਜੋਗ ।੪ ।
    
Sahib Singh
(ਆਪਣੇ ਮਰੇ ਪਤੀ ਨਾਲ ਮੁੜ) ਕੀਤੇ ਜਾ ਸਕਣ ਵਾਲੇ ਮਿਲਾਪ ਦੀ ਖ਼ਾਤਰ (ਇਸਤਰੀ) ਉੱਠ ਕੇ ਸਤੀ ਹੋ ਜਾਂਦੀ ਹੈ, (ਪਤੀ ਦੀ ਚਿਖ਼ਾ ਵਿਚ ਸੜ ਮਰਦੀ ਹੈ, ਪਰ ਅੱਗ ਵਿਚ) ਸੜਨ ਨਾਲ ਪਿਆਰ ਕਰਨ ਵਾਲਾ ਪਤੀ ਨਹੀਂ ਮਿਲ ਸਕਦਾ ।੧।ਰਹਾਉ ।
ਇਸ ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ (ਇਸਤਰੀ ਤੇ ਪਤੀ) ਪਿਛਲੇ ਸੰਬੰਧਾਂ ਦੇ ਕਾਰਨ ਮਿਲ ਕੇ ਆ ਇਕੱਠੇ ਹੁੰਦੇ ਹਨ ।
ਜਿਤਨਾ ਚਿਰ (ਪਰਮਾਤਮਾ ਵਲੋਂ) ਹੁਕਮ ਮਿਲਦਾ ਹੈ ਉਤਨਾ ਚਿਰ (ਦੋਵੇਂ ਮਿਲ ਕੇ ਜਗਤ ਦੇ) ਪਦਾਰਥ ਮਾਣਦੇ ਹਨ ।੧ ।
ਇਕ ਦੂਜੀ ਨੂੰ ਵੇਖ ਕੇ ਮਨ ਦੇ ਹਠ ਨਾਲ (ਹੀ) ਸੜ ਜਾਈਦਾ ਹੈ (ਪਰ ਮਰੇ ਪਤੀ ਦੀ ਚਿਖ਼ਾ ਵਿਚ ਸੜ ਕੇ ਇਸਤਰੀ ਆਪਣੇ) ਪਿਆਰੇ ਦਾ ਸਾਥ ਨਹੀਂ ਪ੍ਰਾਪਤ ਕਰ ਸਕਦੀ ।
(ਇਸ ਤ੍ਰਹਾਂ ਸਗੋਂ) ਕਈ ਜੂਨਾਂ ਵਿਚ ਹੀ ਭਟਕੀਦਾ ਹੈ ।੨ ।
ਜੇਹੜੀ ਇਸਤਰੀ ਮਿੱਠੇ ਸੁਭਾਵ ਦੀ ਜੁਗਤਿ ਵਿਚ ਰਹਿ ਕੇ (ਆਪਣੇ) ਪਿਆਰੇ (ਪਤੀ) ਦਾ ਹੁਕਮ ਮੰਨਦੀ ਰਹਿੰਦੀ ਹੈ, ਉਸ ਇਸਤ੍ਰੀ ਨੂੰ ਜਮਾਂ ਦਾ ਦੁੱਖ ਨਹੀਂ ਪੋਹ ਸਕਦਾ ।੩ ।
ਹੇ ਨਾਨਕ! ਆਖ—ਜਿਸ (ਇਸਤ੍ਰੀ) ਨੇ ਆਪਣੇ ਪਤੀ ਨੂੰ ਹੀ ਇੱਕ ਖਸਮ ਕਰ ਕੇ ਸਮਝਿਆ ਹੈ (ਭਾਵ, ਸਿਰਫ਼ ਆਪਣੇ ਪਤੀ ਵਿਚ ਹੀ ਪਤੀ-ਭਾਵਨਾ ਰੱਖੀ ਹੈ) ਜਿਵੇਂ ਭਗਤ ਦਾ ਪਤੀ ਇੱਕ ਪਰਮਾਤਮਾ ਹੈ, ਉਹ ਇਸਤ੍ਰੀ ਅਸਲੀ ਸਤੀ ਹੈ, ਉਹ ਭਾਗਾਂ ਵਾਲੀ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ ।੪।੩੦।੯੯ ।
Follow us on Twitter Facebook Tumblr Reddit Instagram Youtube