ਗਉੜੀ ਗੁਆਰੇਰੀ ਮਹਲਾ ੫ ॥
ਗੁਰ ਪਰਸਾਦਿ ਨਾਮਿ ਮਨੁ ਲਾਗਾ ॥
ਜਨਮ ਜਨਮ ਕਾ ਸੋਇਆ ਜਾਗਾ ॥
ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥
ਪੂਰੇ ਗੁਰ ਕੀ ਸੁਮਤਿ ਪਰਾਣੀ ॥੧॥

ਪ੍ਰਭ ਸਿਮਰਤ ਕੁਸਲ ਸਭਿ ਪਾਏ ॥
ਘਰਿ ਬਾਹਰਿ ਸੁਖ ਸਹਜ ਸਬਾਏ ॥੧॥ ਰਹਾਉ ॥

ਸੋਈ ਪਛਾਤਾ ਜਿਨਹਿ ਉਪਾਇਆ ॥
ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ ॥
ਬਾਹ ਪਕਰਿ ਲੀਨੋ ਕਰਿ ਅਪਨਾ ॥
ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥

ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ ॥
ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ ॥
ਸਾਚਾ ਧਨੁ ਪਾਇਓ ਹਰਿ ਰੰਗਿ ॥
ਦੁਤਰੁ ਤਰੇ ਸਾਧ ਕੈ ਸੰਗਿ ॥੩॥

ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥
ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ ॥
ਜਿਸਹਿ ਪਰਾਪਤਿ ਤਿਸੁ ਗੁਰੁ ਦੇਇ ॥
ਨਾਨਕ ਬਿਰਥਾ ਕੋਇ ਨ ਹੇਇ ॥੪॥੨੭॥੯੬॥

Sahib Singh
ਪਰਸਾਦਿ = ਕਿਰਪਾ ਨਾਲ ।
ਨਾਮਿ = ਨਾਮ ਵਿਚ ।
ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ ।
ਉਚਰੈ = ਉਚਾਰਦਾ ਹੈ ।
ਸੁਮਤਿ = ਸ੍ਰੇਸ਼ਟ ਮਤਿ ।
ਪਰਾਣੀ = ਪ੍ਰਾਣੀ, (ਜਿਸ) ਮਨੁੱਖ (ਨੂੰ) ।੧ ।
ਕੁਸਲ = ਸੁਖ ।
ਸਭਿ = ਸਾਰੇ ।
ਘਰਿ = ਘਰ ਵਿਚ, ਹਿਰਦੇ ਵਿਚ ।
ਬਾਹਰਿ = ਜਗਤ ਨਾਲ ਵਰਤਦਿਆਂ ।
ਸਹਜ = ਆਤਮਕ ਅਡੋਲਤਾ ।
ਸਬਾਏ = ਸਾਰੇ ।੧।ਰਹਾਉ ।
ਜਿਨਹਿ = ਜਿਸ (ਪਰਮਾਤਮਾ) ਨੇ ।
ਉਪਾਇਆ = ਪੈਦਾ ਕੀਤਾ ।
ਪ੍ਰਭਿ = ਪ੍ਰਭੂ ਨੇ ।
ਪਕਰਿ = ਫੜ ਕੇ ।
ਕਰਿ = ਕਰ ਕੇ, ਬਣਾ ਕੇ ।੨ ।
ਤੰਤ੍ਰü = ਟੂਣਾ, ਜਾਦੂ ।
ਅਉਖਧੁ = ਦਵਾਈ ।
ਪੁਨਹ = ਮੁੜ, ਪਿਛੋਂ ।
ਪੁਨਹਚਾਰੁ = ਪਾਪ ਦੀ ਨਵਿਰਤੀ ਵਾਸਤੇ ਪਾਪ ਕਰਨ ਤੋਂ ਪਿਛੋਂ ਕੀਤਾ ਹੋਇਆ ਧਾਰਮਿਕ ਕਰਮ, ਪ੍ਰਾਸਚਿਤ ।
ਜੀਅ ਅਧਾਰੁ = ਜਿੰਦ ਦਾ ਆਸਰਾ ।
ਸਾਚਾ = ਸਦਾ ਕਾਇਮ ਰਹਿਣ ਵਾਲਾ ।
ਰੰਗਿ = ਪ੍ਰੇਮ ਵਿਚ ।
ਦੁਤਰੁ = {ਦੁÔਤਰ} ਜਿਸ ਨੂੰ ਤਰਨਾ ਕਠਨ ਹੈ ।੩।ਸੁਖਿ—ਸੁਖ ਵਿਚ ।
ਸੰਤ ਸਜਨ = ਹੇ ਸੰਤ ਸਜਨ !
ਖਟਿਓ = ਖੱਟਿਆ, ਖੱਟ ਲਿਆ ।
ਜਾ ਕਾ = ਜਿਸ (ਧਨ) ਦਾ ।
ਸੁਮਾਰੁ = ਅੰਦਾਜ਼ਾ, ਮਾਪ ।
ਪਰਾਪਤਿ = ਭਾਗਾਂ ਵਿਚ ਲਿਖਿਆ ਹੋਇਆ ।
ਬਿਰਥਾ = ਖ਼ਾਲੀ ।
ਹੇਇ = ਹੈ ।੪ ।
    
Sahib Singh
(ਜੇਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ, ਉਸ ਦੇ ਹਿਰਦੇ ਵਿਚ (ਭੀ) ਆਤਮਕ ਅਡੋਲਤਾ ਦੇ ਸਾਰੇ ਅਨੰਦ, ਜਗਤ ਨਾਲ ਵਰਤਦਿਆਂ ਭੀ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਆਨੰਦ ।੧।ਰਹਾਉ ।
ਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ, ਉਹ ਜਨਮਾਂ ਜਨਮਾਂਤਰਾਂ ਦਾ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ ।
ਜਿਸ ਪ੍ਰਾਣੀ ਨੂੰ ਪੂਰੇ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ ਹੁੰਦੀ ਹੈ, ਉਹ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਉਚਾਰਦਾ ਹੈ ਪ੍ਰਭੂ ਦੀ (ਸਿਫ਼ਤਿ-ਸਾਲਾਹ ਦੀ) ਬਾਣੀ ਉਚਾਰਦਾ ਹੈ ।੧ ।
ਪ੍ਰਭੂ ਨੇ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪ (ਆਪਣੇ ਚਰਨਾਂ ਵਿਚ) ਜੋੜ ਲਿਆ, ਉਸ ਮਨੁੱਖ ਨੇ ਉਸੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ ।
ਜਿਸ ਮਨੁੱਖ ਨੂੰ ਪ੍ਰਭੂ ਨੇ ਬਾਂਹ ਫੜ ਕੇ ਆਪਣਾ ਬਣਾ ਲਿਆ, ਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਹੈ ।
ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ।੨ ।
ਜੇਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ, ਉਹ ਇਸ ਅੌਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਮਨੁੱਖ ਹਰੀ ਦੇ ਪ੍ਰੇਮ-ਰੰਗ ਵਿਚ (ਮਸਤ ਹੋ ਕੇ) ਸਦਾ ਨਾਲ ਨਿਭਣ ਵਾਲਾ ਨਾਮ-ਧਨ ਹਾਸਲ ਕਰ ਲੈਂਦਾ ਹੈ, ਹਰੀ ਦਾ ਨਾਮ ਹੀ ਉਸ ਮਨੁੱਖ ਦੀ ਜ਼ਿੰਦਗੀ ਦਾ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ, (ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ) ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਹੀ ਦਵਾਈ ਹੈ ਤੇ ਨਾਮ ਹੀ ਪ੍ਰਾਸ਼ਚਿਤ ਕਰਮ ਹੈ ।੩ ।
ਹੇ ਸੰਤ ਜਨੋ! ਪਰਵਾਰ ਬਣ ਕੇ (ਮੇਰ-ਤੇਰ ਦੂਰ ਕਰ ਕੇ, ਪੂਰਨ ਪ੍ਰੇਮ ਨਾਲ) ਆਤਮਕ ਆਨੰਦ ਵਿਚ ਮਿਲ ਬੈਠੋ ।
(ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਬੈਠਦਾ ਹੈ ਉਸ ਨੇ) ਉਹ ਹਰਿ-ਨਾਮ ਧਨ ਕਮਾ ਲਿਆ ਜਿਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ ।
ਹੇ ਨਾਨਕ! (ਪ੍ਰਭੂ ਦੀ ਮਿਹਰ ਨਾਲ) ਜਿਸ ਦੇ ਭਾਗਾਂ ਵਿਚ (ਨਾਮ-ਧਨ) ਲਿਖਿਆ ਹੋਇਆ ਹੈ, ਉਸ ਨੂੰ ਗੁਰੂ (ਨਾਮ-ਧਨ) ਦੇਂਦਾ ਹੈ, (ਗੁਰੂ ਦੇ ਦਰ ਤੇ ਆ ਕੇ) ਕੋਈ ਮਨੁੱਖ ਖ਼ਾਲੀ ਨਹੀਂ ਰਹਿ ਜਾਂਦਾ ।੪।੨੭।੯੬ ।
Follow us on Twitter Facebook Tumblr Reddit Instagram Youtube