ਗਉੜੀ ਗੁਆਰੇਰੀ ਮਹਲਾ ੫ ॥
ਸਾਧਸੰਗਿ ਜਪਿਓ ਭਗਵੰਤੁ ॥
ਕੇਵਲ ਨਾਮੁ ਦੀਓ ਗੁਰਿ ਮੰਤੁ ॥
ਤਜਿ ਅਭਿਮਾਨ ਭਏ ਨਿਰਵੈਰ ॥
ਆਠ ਪਹਰ ਪੂਜਹੁ ਗੁਰ ਪੈਰ ॥੧॥

ਅਬ ਮਤਿ ਬਿਨਸੀ ਦੁਸਟ ਬਿਗਾਨੀ ॥
ਜਬ ਤੇ ਸੁਣਿਆ ਹਰਿ ਜਸੁ ਕਾਨੀ ॥੧॥ ਰਹਾਉ ॥

ਸਹਜ ਸੂਖ ਆਨੰਦ ਨਿਧਾਨ ॥
ਰਾਖਨਹਾਰ ਰਖਿ ਲੇਇ ਨਿਦਾਨ ॥
ਦੂਖ ਦਰਦ ਬਿਨਸੇ ਭੈ ਭਰਮ ॥
ਆਵਣ ਜਾਣ ਰਖੇ ਕਰਿ ਕਰਮ ॥੨॥

ਪੇਖੈ ਬੋਲੈ ਸੁਣੈ ਸਭੁ ਆਪਿ ॥
ਸਦਾ ਸੰਗਿ ਤਾ ਕਉ ਮਨ ਜਾਪਿ ॥
ਸੰਤ ਪ੍ਰਸਾਦਿ ਭਇਓ ਪਰਗਾਸੁ ॥
ਪੂਰਿ ਰਹੇ ਏਕੈ ਗੁਣਤਾਸੁ ॥੩॥

ਕਹਤ ਪਵਿਤ੍ਰ ਸੁਣਤ ਪੁਨੀਤ ॥
ਗੁਣ ਗੋਵਿੰਦ ਗਾਵਹਿ ਨਿਤ ਨੀਤ ॥
ਕਹੁ ਨਾਨਕ ਜਾ ਕਉ ਹੋਹੁ ਕ੍ਰਿਪਾਲ ॥
ਤਿਸੁ ਜਨ ਕੀ ਸਭ ਪੂਰਨ ਘਾਲ ॥੪॥੨੩॥੯੨॥

Sahib Singh
ਸਾਧ ਸੰਗਿ = ਸਾਧ ਸੰਗਤਿ ਵਿਚ ।
ਗੁਰਿ = ਗੁਰੂ ਨੇ ।
ਕੇਵਲ = ਸਿਰਫ਼ ।
ਮੰਤੁ = ਮੰਤਰ ।
ਤਜਿ = ਛੱਡ ਕੇ ।੧ ।
ਦੁਸਟ = ਭੈੜੀ ।
ਬਿਗਾਨੀ = ਬੇਗਿਆਨੀ, ਬੇਸਮਝੀ ਵਾਲੀ ।
ਜਬ ਤੇ = ਤਦੋਂ ਤੋਂ ।
ਕਾਨੀ = ਕੰਨਾਂ ਨਾਲ ।੧।ਰਹਾਉ ।
ਸਹਜ = ਆਤਮਕ ਅਡੋਲਤਾ ।
ਨਿਧਾਨ = ਖ਼ਜ਼ਾਨੇ ।
ਰਖਿ ਲੇਇ = ਬਚਾ ਲੈਂਦਾ ਹੈ ।
ਭੈ = {ਲਫ਼ਜ਼ ‘ਭਉ’ ਤੋਂ ਬਹੁ- ਵਚਨ} ।
ਰਖੇ = ਰੋਕ ਲੈਂਦਾ ਹੈ ।
ਕਰਮ = ਬਖ਼ਸ਼ਸ਼ ।
ਕਰਿ = ਕਰ ਕੇ ।੨ ।
ਸਭੁ = ਹਰ ਥਾਂ ।
ਤਾ ਕਉ = ਉਸ ਪ੍ਰਭੂ ਨੂੰ ।
ਪਰਗਾਸ = ਚਾਨਣ ।
ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ।੩ ।
ਪੁਨੀਤ = ਪਵਿੱਤ੍ਰ ।
ਹੋਹੁ = ਤੁਸੀ ਹੁੰਦੇ ਹੋ ।
ਘਾਲ = ਮਿਹਨਤ ।
ਪੂਰਨ = ਸਫਲ ।੪ ।
    
Sahib Singh
ਹੇ ਭਾਈ! ਜਦੋਂ ਤੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੈਂ ਕੰਨੀਂ ਸੁਣੀ ਹੈ, ਤਦੋਂ ਤੋਂ ਮੇਰੀ ਭੈੜੀ ਤੇ ਬੇ-ਸਮਝੀ ਵਾਲੀ ਮਤਿ ਦੂਰ ਹੋ ਗਈ ਹੈ ।੧।ਰਹਾਉ ।
(ਹੇ ਭਾਈ!) ਅੱਠੇ ਪਹਿਰ (ਹਰ ਵੇਲੇ) ਗੁਰੂ ਦੇ ਪੈਰ ਪੂਜੋ ।
(ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿਚ ਭਗਵਾਨ ਦਾ ਸਿਮਰਨ ਕੀਤਾ ਹੈ, ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ (ਉਸ ਮੰਤਰ ਦੀ ਬਰਕਤਿ ਨਾਲ) ਉਹ ਅਹੰਕਾਰ ਛੱਡ ਕੇ ਨਿਰਵੈਰ ਹੋ ਗਏ ਹਨ ।੧ ।
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਹਰਿ-ਜਸ ਕੰਨੀਂ ਸੁਣਿਆ ਹੈ) ਆਤਮਕ ਅਡੋਲਤਾ, ਸੁਖ ਅਨੰਦ ਦੇ ਖ਼ਜ਼ਾਨੇ ਰੱਖਣਹਾਰ ਪਰਮਾਤਮਾ ਨੇ ਆਖ਼ਰ ਉਹਨਾਂ ਦੀ (ਸਦਾ) ਰੱਖਿਆ ਕੀਤੀ ਹੈ, ਉਹਨਾਂ ਦੇ ਦੁੱਖ, ਦਰਦ, ਡਰ, ਵਹਿਮ ਸਾਰੇ ਨਾਸ ਹੋ ਜਾਂਦੇ ਹਨ ।
ਪਰਮਾਤਮਾ ਮਿਹਰ ਕਰ ਕੇ ਉਨ੍ਹਾਂ ਦੇ ਜਨਮ ਮਰਨ ਦੇ ਗੇੜ (ਭੀ) ਮੁਕਾ ਦੇਂਦਾ ਹੈ ।੨ ।
ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਹਰ ਥਾਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਵੇਖਦਾ ਹੈ ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ, ਜਿਹੜਾ ਹਰ ਵੇਲੇ ਤੇਰੇ ਅੰਗ-ਸੰਗ ਹੈ, ਉਸਦਾ ਭਜਨ ਕਰ ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਾਲਾ ਚਾਨਣ ਪੈਦਾ ਹੁੰਦਾ ਹੈ, ਉਸਨੂੰ ਗੁਣਾਂ ਦਾ ਖ਼ਜ਼ਾਨਾ ਇਕ ਪਰਮਾਤਮਾ ਹੀ ਹਰ ਥਾਂ ਵਿਆਪਕ ਦਿੱਸਦਾ ਹੈ ।੩ ।
(ਹੇ ਭਾਈ!) ਜੇਹੜੇ ਮਨੁੱਖ ਸਦਾ ਹੀ ਗੋਬਿੰਦ ਦੇ ਗੁਣ ਗਾਂਦੇ ਹਨ ਉਹ ਸਿਫ਼ਤਿ-ਸਾਲਾਹ ਕਰਨ ਵਾਲੇ ਤੇ ਸਿਫ਼ਤਿ-ਸਾਲਾਹ ਸੁਣਨ ਵਾਲੇ ਸਭੇ ਪਵਿੱਤ੍ਰ ਜੀਵਨ ਵਾਲੇ ਬਣ ਜਾਂਦੇ ਹਨ ।
ਹੇ ਨਾਨਕ! ਆਖ—(ਹੇ ਪ੍ਰਭੂ!) ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ (ਉਹ ਤੇਰੀ ਸਿਫ਼ਤਿ-ਸਾਲਾਹ ਕਰਦਾ ਹੈ) ਉਸਦੀ ਸਾਰੀ ਇਹ ਮਿਹਨਤ ਸਫਲ ਹੋ ਜਾਂਦੀ ਹੈ ।੪।੨੩।੯੨ ।
Follow us on Twitter Facebook Tumblr Reddit Instagram Youtube