ਗਉੜੀ ਗੁਆਰੇਰੀ ਮਹਲਾ ੫ ॥
ਸਤਿਗੁਰ ਦਰਸਨਿ ਅਗਨਿ ਨਿਵਾਰੀ ॥
ਸਤਿਗੁਰ ਭੇਟਤ ਹਉਮੈ ਮਾਰੀ ॥
ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥
ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥

ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥
ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥

ਸੰਤ ਪ੍ਰਸਾਦਿ ਜਪੈ ਹਰਿ ਨਾਉ ॥
ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥
ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥
ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥

ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥
ਸਾਧ ਰੇਣ ਮਜਨ ਸਭਿ ਧਰਮ ॥
ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥
ਸਾਧਾ ਮਹਿ ਇਹ ਹਮਰੀ ਜਿੰਦੁ ॥੩॥

ਕਿਰਪਾ ਨਿਧਿ ਕਿਰਪਾਲ ਧਿਆਵਉ ॥
ਸਾਧਸੰਗਿ ਤਾ ਬੈਠਣੁ ਪਾਵਉ ॥
ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥
ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥

Sahib Singh
ਸਤਿਗੁਰ ਦਰਸਨਿ = ਗੁਰੂ ਦੇ ਦਰਸ਼ਨ ਦੀ ਬਰਕਤਿ ਨਾਲ ।
ਅਗਨਿ = ਤ੍ਰਿਸ਼ਨਾ = ਅੱਗ ।
ਨਿਵਾਰੀ = ਦੂਰ ਕਰ ਲਈ ।
ਭੇਟਤ = ਮਿਲਿਆਂ ।
ਸੰਗਿ = ਸੰਗਤਿ ਵਿਚ ।
ਅੰਮਿ੍ਰਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੧ ।
ਸਾਚਾ = ਸਦਾ = ਥਿਰ (ਪ੍ਰਭੂ ਦਾ ਰੂਪ) ।
ਜਾ = ਜਦੋਂ ।
ਸਚ ਮਹਿ = ਸਦਾ = ਥਿਰ ਪ੍ਰਭੂ ਵਿਚ ।
ਸੀਤਲ = ਠੰਡੇ ।
ਸਾਤਿ = ਸ਼ਾਂਤੀ, ਠੰਢ ।
ਤੇ = ਤੋਂ, ਦੀ ਰਾਹੀਂ ।
ਜਾਤੇ = ਜਾਣ = ਪਾਛਣ ਪਾਈ ।੧।ਰਹਾਉ ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ ।
ਬੰਧਨ ਤੇ = ਬੰਧਨਾਂ ਤੋਂ ।੨ ।
ਤੇ = ਤੋਂ, ਨਾਲ ।
ਸਾਧ ਰੇਣ = ਗੁਰੂ ਦੇ ਚਰਨਾਂ ਦੀ ਧੂੜ ।
ਮਜਨ = ਮੱਜਨ, ਇਸ਼ਨਾਨ ।
ਸਭ = ਸਾਰੇ ।੩ ।
ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ ।
ਧਿਆਵਉ = ਮੈਂ ਧਿਆਉਂਦਾ ਹਾਂ ।
ਤਾ = ਤਦੋਂ ।
ਬੈਠਣ ਪਾਵਉ = ਮੈਂ ਬੈਠਣਾ ਪ੍ਰਾਪਤ ਕਰਦਾ ਹਾਂ, ਮੇਰਾ ਜੀਅ ਲੱਗਦਾ ਹੈ ।
ਮੋਹਿ = ਮੈਨੂੰ ।
ਪ੍ਰਭਿ = ਪ੍ਰਭੂ ਨੇ ।੪ ।
    
Sahib Singh
(ਹੇ ਭਾਈ!) ਜਦੋਂ ਗੁਰੂ ਦੀ ਰਾਹੀਂ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈਦੀ ਹੈ, ਜਦੋਂ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਤਦੋਂ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ, ਤਦੋਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ, ਤਦੋਂ ਸਾਰਾ ਜਗਤ ਸਦਾ-ਥਿਰ ਪਰਮਾਤਮਾ ਦਾ ਰੂਪ ਦਿੱਸਦਾ ਹੈ ।੧।ਰਹਾਉ ।
(ਹੇ ਭਾਈ!) ਗੁਰੂ ਦੇ ਦੀਦਾਰ ਦੀ ਬਰਕਤਿ ਨਾਲ (ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ) ਬੁਝਾ ਲੈਂਦਾ ਹੈ, ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਹਉਮੈ ਮਾਰ ਲੈਂਦਾ ਹੈ ।
ਗੁਰੂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਦਾ) ਮਨ (ਵਿਕਾਰਾਂ ਵਾਲੇ ਪਾਸੇ) ਡੋਲਦਾ ਨਹੀਂ (ਕਿਉਂਕਿ) ਗੁਰੂ ਦੀ ਸਰਨ ਪੈ ਕੇ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ ।੧ ।
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਗੁਰੂ ਦੀ ਕਿਰਪਾ ਨਾਲ ਹਰਿ ਕੀਰਤਨ ਦਾ ਗਾਇਨ ਕਰਦਾ ਹੈ ।
(ਇਸਦਾ ਨਤੀਜਾ ਇਹ ਨਿਕਲਦਾ ਹੈ ਕਿ) ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਕਿਉਂਕਿ) ਗੁਰੂ ਦੀ ਮੇਹਰ ਨਾਲ ਮਨੁੱਖ (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਖ਼ਲਾਸੀ ਪਾ ਲੈਂਦਾ ਹੈ ।੨ ।
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਾਇਆ ਦਾ ਮੋਹ ਤੇ ਮਾਇਆ ਦੀ ਖ਼ਾਤਰ ਭਟਕਣ ਦੂਰ ਹੋ ਜਾਂਦੀ ਹੈ ।
ਗੁਰੂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਹੀ ਸਾਰੇ ਧਰਮਾਂ ਦਾ (ਸਾਰ) ਹੈ ।
(ਜਿਸ ਮਨੁੱਖ ਉਤੇ ਗੁਰੂ ਦੇ ਸਨਮੁਖ ਰਹਿਣ ਵਾਲੇ) ਗੁਰਮੁਖ ਦਇਆਵਾਨ ਹੁੰਦੇ ਹਨ, ਉਸ ਤੇ ਪਰਮਾਤਮਾ ਭੀ ਦਇਆਵਾਨ ਹੋ ਜਾਂਦਾ ਹੈ ।
(ਹੇ ਭਾਈ!) ਮੇਰੀ ਜਿੰਦ ਭੀ ਗੁਰਮੁਖਾਂ ਦੇ ਚਰਨਾਂ ਵਿਚ ਹੀ ਵਾਰਨੇ ਜਾਂਦੀ ਹੈ ।੩ ।
ਹੇ ਨਾਨਕ! (ਆਖ—ਹੇ ਭਾਈ!) ਮੈਂ ਗੁਣ-ਹੀਨ ਉਤੇ ਪ੍ਰਭੂ ਨੇ ਦਇਆ ਕੀਤੀ, ਸਾਧ ਸੰਗਤਿ ਵਿਚ ਮੈਂ ਪ੍ਰਭੂ ਦਾ ਨਾਮ ਜਪਣ ਲੱਗ ਪਿਆ ।
ਗੁਰੂ ਦੀ ਮੇਹਰ ਨਾਲ ਜਦੋਂ ਮੈਂ ਕਿਰਪਾ ਦੇ ਖ਼ਜ਼ਾਨੇ, ਕਿਰਪਾ ਦੇ ਘਰ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਸਾਧ-ਸੰਗਤਿ ਵਿਚ ਮੇਰਾ ਜੀਅ ਪਰਚਦਾ ਹੈ ।੪।੨੨।੯੧ ।
Follow us on Twitter Facebook Tumblr Reddit Instagram Youtube