ਗਉੜੀ ਗੁਆਰੇਰੀ ਮਹਲਾ ੫ ॥
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥
ਰਸਨਾ ਸੋਈ ਲੋਭਿ ਮੀਠੈ ਸਾਦਿ ॥
ਮਨੁ ਸੋਇਆ ਮਾਇਆ ਬਿਸਮਾਦਿ ॥੧॥

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥
ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥

ਸਗਲ ਸਹੇਲੀ ਅਪਨੈ ਰਸ ਮਾਤੀ ॥
ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥
ਮੁਸਨਹਾਰ ਪੰਚ ਬਟਵਾਰੇ ॥
ਸੂਨੇ ਨਗਰਿ ਪਰੇ ਠਗਹਾਰੇ ॥੨॥

ਉਨ ਤੇ ਰਾਖੈ ਬਾਪੁ ਨ ਮਾਈ ॥
ਉਨ ਤੇ ਰਾਖੈ ਮੀਤੁ ਨ ਭਾਈ ॥
ਦਰਬਿ ਸਿਆਣਪ ਨਾ ਓਇ ਰਹਤੇ ॥
ਸਾਧਸੰਗਿ ਓਇ ਦੁਸਟ ਵਸਿ ਹੋਤੇ ॥੩॥

ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥
ਸੰਤਨ ਧੂਰਿ ਸਰਬ ਨਿਧਾਨ ॥
ਸਾਬਤੁ ਪੂੰਜੀ ਸਤਿਗੁਰ ਸੰਗਿ ॥
ਨਾਨਕੁ ਜਾਗੈ ਪਾਰਬ੍ਰਹਮ ਕੈ ਰੰਗਿ ॥੪॥

ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥
ਇਹ ਪੂੰਜੀ ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥

Sahib Singh
ਨੈਨਹੁ = ਅੱਖਾਂ ਵਿਚ ।
ਦਿ੍ਰਸ਼ਟ = ਨਜ਼ਰ, ਨਿਗਾਹ ।
ਸ੍ਰਵਣ = ਕੰਨ ।
ਸੁਣਿ = ਸੁਣ ਕੇ ।
ਰਸਨਾ = ਜੀਭ ।
ਲੋਭਿ = ਲੋਭ ਵਿਚ ।
ਸਾਦਿ = ਸੁਆਦ ਵਿਚ ।
ਬਿਸਮਾਦਿ = ਅਸਚਰਜ ਤਮਾਸ਼ੇ ਵਿਚ ।੧ ।
ਗਿ੍ਰਹ ਮਹਿ = ਸਰੀਰ = ਘਰ ਵਿਚ ।
ਕੋਈ = ਕੋਈ ਵਿਰਲਾ ।
ਸਾਬਤੁ = ਸਾਰੀ ਦੀ ਸਾਰੀ ।
ਵਸਤੁ = ਆਤਮਕ ਜੀਵਨ ਦੀ ਪੂੰਜੀ ।
ਲਹੈ = ਲੱਭ ਲੈਂਦਾ ਹੈ ।੧।ਰਹਾਉ ।
ਸਹੇਲੀ = ਗਿਆਨ = ਇੰਦ੍ਰੇ ।
ਮਾਤੀ = ਮਸਤ ।
ਜਾਤੀ = ਜਾਣੀ, ਸਮਝੀ ।
ਮੁਸਨਹਾਰ = ਠੱਗਣ ਵਾਲੇ ।
ਬਟਵਾਰੇ = ਡਾਕੂ ।
ਸੂਨੇ ਨਗਰਿ = ਸੁੰਞੇ ਸ਼ਹਰ ਵਿਚ ।
ਪਰੇ = ਹੱਲਾ ਕਰ ਕੇ ਆ ਪਏ ।੨ ।
ਤੇ = ਤੋਂ ।
ਰਾਖੈ = ਬਚਾ ਸਕਦਾ ।
ਦਰਬਿ = ਧਨ ਨਾਲ ।
ਓਇ = {ਲਫ਼ਜ਼ ‘ਓਹ’ ਤੋਂ ਬਹੁ-ਵਚਨ} ।
ਵਸਿ = ਕਾਬੂ ਵਿਚ ।੩।ਮੋਹਿ—ਮੈਨੂੰ, ਮੇਰੇ ਉਤੇ ।
ਸਾਰਿੰਗ = ਧਨੁਖ ।
ਪਾਣਿ = ਹੱਥ ।
ਸਾਰਿੰਗਪਾਣਿ = ਹੇ ਧਨੁਖ = ਧਾਰੀ ਪ੍ਰਭੂ !
ਨਿਧਾਨ = ਖ਼ਜ਼ਾਨੇ ।
ਪੂੰਜੀ = ਆਤਮਕ ਜੀਵਨ ਦੀ ਰਾਸਿ ।
ਰੰਗਿ = ਪ੍ਰੇਮ ਵਿਚ ।੪ ।
    
Sahib Singh
(ਹੇ ਭਾਈ!) ਇਸ ਸਰੀਰ-ਘਰ ਵਿਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ (ਜੇਹੜਾ ਸੁਚੇਤ ਰਹਿੰਦਾ ਹੈ) ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ ਸਾਂਭ ਲੈਂਦਾ ਹੈ ।੧।ਰਹਾਉ ।
ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ—ਇਹ ਅੱਖਾਂ ਵਿਚ ਨੀਂਦ ਆ ਰਹੀ ਹੈ ।
ਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ ।
ਜੀਭ ਖਾਣ ਦੇ ਲੋਭ ਵਿਚ ਪਦਾਰਥਾਂ ਦੇ ਮਿੱਠੇ ਸੁਆਦ ਵਿਚ ਸੁੱਤੀ ਰਹਿੰਦੀ ਹੈ ।
ਮਨ ਮਾਇਆ ਦੇ ਅਸਚਰਜ ਤਮਾਸ਼ੇ ਵਿਚ ਸੁੱਤਾ ਰਹਿੰਦਾ ਹੈ ।੧ ।
ਸਾਰੇ ਗਿਆਨ-ਇੰਦ੍ਰੇ ਆਪੋ ਆਪਣੇ ਚਸਕੇ ਵਿਚ ਮਸਤ ਰਹਿੰਦੇ ਹਨ ਆਪਣੇ ਸਰੀਰ-ਘਰ ਵਿਚ ਇਹ ਸੂਝ ਨਹੀਂ ਰੱਖਦੇ ।
ਠੱਗਣ ਵਾਲੇ ਪੰਜੇ ਡਾਕੂ ਸੁੰਞੇ (ਸਰੀਰ-) ਘਰ ਵਿਚ ਆ ਹੱਲਾ ਬੋਲਦੇ ਹਨ ।੨ ।
ਉਹਨਾਂ (ਪੰਜਾਂ ਡਾਕੂਆਂ ਤੋਂ) ਨਾਹ ਪਿਉ ਬਚਾ ਸਕਦਾ ਹੈ, ਨਾਹ ਮਾਂ ਬਚਾ ਸਕਦੀ ਹੈ ।
ਉਹਨਾਂ ਤੋਂ ਨਾਂਹ ਕੋਈ ਮਿੱਤਰ ਬਚਾ ਸਕਦਾ ਹੈ, ਨਾਂਹ ਕੋਈ ਭਰਾ ਬਚਾ ਸਕਦਾ ਹੈ ।
ਉਹ ਪੰਜੇ ਡਾਕੂ ਨਾਹ ਧਨ ਨਾਲ ਵਰਜੇ ਜਾ ਸਕਦੇ ਹਨ, ਨਾਹ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ ।
ਉਹ ਪੰਜੇ ਦੁਸ਼ਟ ਸਿਰਫ਼ ਸਾਧ ਸੰਗਤਿ ਵਿਚ ਰਿਹਾਂ ਹੀ ਕਾਬੂ ਵਿਚ ਆਉਂਦੇ ਹਨ ।੩ ।
ਹੇ ਧਨੁਖ-ਧਾਰੀ ਪ੍ਰਭੂ! ਮੇਰੇ ਉਤੇ ਕਿਰਪਾ ਕਰ ।
ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇਹ, ਏਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ ।
ਗੁਰੂ ਦੀ ਸੰਗਤਿ ਵਿਚ ਰਿਹਾਂ ਆਤਮਕ ਜੀਵਨ ਦਾ ਸਰਮਾਇਆ ਸਾਰੇ ਦਾ ਸਾਰਾ ਬਚਿਆ ਰਹਿ ਸਕਦਾ ਹੈ ।
(ਪਰਮਾਤਮਾ ਦਾ ਸੇਵਕ) ਨਾਨਕ ਪਰਮਾਤਮਾ ਦੇ ਪਰੇਮ-ਰੰਗ ਵਿਚ ਰਹਿ ਕੇ ਹੀ ਸੁਚੇਤ ਰਹਿ ਸਕਦਾ ਹੈ (ਤੇ ਪੰਜਾਂ ਦੇ ਹੱਲਿਆਂ ਤੋਂ ਬਚ ਸਕਦਾ ਹੈ) ।੪ ।
(ਹੇ ਭਾਈ! ਕਾਮਾਦਿਕ ਪੰਜਾਂ ਡਾਕੂਆਂ ਦੇ ਹੱਲਿਆਂ ਵਲੋਂ) ਓਹੀ ਮਨੁੱਖ ਸੁਚੇਤ ਰਹਿੰਦਾ ਹੈ, ਜਿਸ ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ।
ਉਸਦੀ ਆਤਮਕ ਜੀਵਨ ਦੀ ਇਹ ਰਾਸਿ-ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ, ਉਸਦੇ ਪਾਸ ਪ੍ਰਭੂ ਦਾ ਨਾਮ-ਧਨ ਸਰਮਾਇਆ ਬਚਿਆ ਰਹਿੰਦਾ ਹੈ ।੧।ਰਹਾਉ ਦੂਜਾ।੨੦।੮੯ ।
Follow us on Twitter Facebook Tumblr Reddit Instagram Youtube