ਗਉੜੀ ਗੁਆਰੇਰੀ ਮਹਲਾ ੫ ॥
ਮਨੁ ਮੰਦਰੁ ਤਨੁ ਸਾਜੀ ਬਾਰਿ ॥
ਇਸ ਹੀ ਮਧੇ ਬਸਤੁ ਅਪਾਰ ॥
ਇਸ ਹੀ ਭੀਤਰਿ ਸੁਨੀਅਤ ਸਾਹੁ ॥
ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥੧॥

ਨਾਮ ਰਤਨ ਕੋ ਕੋ ਬਿਉਹਾਰੀ ॥
ਅੰਮ੍ਰਿਤ ਭੋਜਨੁ ਕਰੇ ਆਹਾਰੀ ॥੧॥ ਰਹਾਉ ॥

ਮਨੁ ਤਨੁ ਅਰਪੀ ਸੇਵ ਕਰੀਜੈ ॥
ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥
ਪਾਇ ਲਗਉ ਤਜਿ ਮੇਰਾ ਤੇਰੈ ॥
ਕਵਨੁ ਸੁ ਜਨੁ ਜੋ ਸਉਦਾ ਜੋਰੈ ॥੨॥

ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥
ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥
ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥
ਕਵਨੁ ਸੁ ਦਾਤਾ ਲੇ ਸੰਚਾਰੇ ॥੩॥

ਖੋਜਤ ਖੋਜਤ ਨਿਜ ਘਰੁ ਪਾਇਆ ॥
ਅਮੋਲ ਰਤਨੁ ਸਾਚੁ ਦਿਖਲਾਇਆ ॥
ਕਰਿ ਕਿਰਪਾ ਜਬ ਮੇਲੇ ਸਾਹਿ ॥
ਕਹੁ ਨਾਨਕ ਗੁਰ ਕੈ ਵੇਸਾਹਿ ॥੪॥੧੬॥੮੫॥

Sahib Singh
ਮੰਦਰੁ = ਸੋਹਣਾ ਘਰ ।
ਸਾਜੀ = ਬਣਾਈ ਹੈ ।
ਬਾਰਿ = ਵਾੜ ।
ਇਸ ਹੀ ਮਧੇ = ਇਸ (ਮਨ) ਦੇ ਵਿਚ ਹੀ ।
ਬਸਤੁ = ਵਸਤੂ, ਨਾਮ = ਰਾਸਿ ।
ਸਾਹੁ = ਪ੍ਰਭੂ = ਸ਼ਾਹੂਕਾਰ ।
ਬਾਪਾਰੀ = ਨਾਮ = ਪੂੰਜੀ ਦਾ ਵਣਜ ਕਰਨ ਵਾਲਾ ।
ਵਿਸਾਹੁ = ਇਤਬਾਰ ।੧ ।
ਕੋ = ਦਾ ।
ਕੋ = ਜੇਹੜਾ ਕੋਈ ।
ਬਿਉਹਾਰੀ = ਵਪਾਰੀ ।
ਆਹਾਰੀ = ਖ਼ੁਰਾਕ, ਜੀਵਨ ਦਾ ਆਸਰਾ ।੧।ਰਹਾਉ।ਅਰਪੀ—ਅਰਪੀਂ, ਮੈਂ ਭੇਟਾ ਕਰਦਾ ਹਾਂ ।
ਜੁਗਤਿ = ਤਰੀਕਾ ।
ਜਿਤੁ = ਜਿਸ ਦੀ ਰਾਹੀਂ ।
ਭੀਜੈ = ਪ੍ਰਸੰਨ ਹੁੰਦਾ ਹੈ ।
ਪਾਇ ਲਗਉ = ਮੈਂ ਪੈਰੀਂ ਲੱਗਦਾ ਹਾਂ ।
ਤਜਿ = ਤਜ ਕੇ ।
ਜੋਰੈ = ਜੋੜ ਦੇਵੇ, ਕਰਾ ਦੇਵੇ ।੨ ।
ਮਹਲੁ = ਟਿਕਾਣਾ ।
ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ ?
ਭੀਤਰਿ = ਅੰਦਰ, ਆਪਣੀ ਹਜ਼ੂਰੀ ਵਿਚ ।
ਜਾ ਕੇ = ਜਿਸ ਦੇ ।
ਕੋਟਿ = ਕ੍ਰੋੜਾਂ ।
ਸੰਚਾਰੇ = ਅਪੜਾਵੇ ।੩ ।
ਨਿਜ ਘਰੁ = ਆਪਣਾ ਅਸਲੀ ਘਰ ।
ਸਾਚੁ = ਸਦਾ ਕਾਇਮ ਰਹਿਣ ਵਾਲਾ ।
ਸਾਹਿ = ਸ਼ਾਹ ਨੇ ।
ਵੇਸਾਹਿ = ਇਤਬਾਰ ਨਾਲ, ਹਾਮੀ ਨਾਲ ।੪ ।
    
Sahib Singh
ਜੇਹੜਾ ਕੋਈ ਪਰਮਾਤਮਾ ਦੇ ਨਾਮ-ਰਤਨ ਦਾ (ਅਸਲ) ਵਪਾਰੀ ਹੈ, ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਭੋਜਨ ਨੂੰ ਆਪਣੀ ਜ਼ਿੰਦਗੀ ਦਾ ਆਹਾਰ ਬਣਾਂਦਾ ਹੈ ।੧।ਰਹਾਉ ।
(ਪਰਮਾਤਮਾ ਸ਼ਾਹ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ) ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਹੈ ਤੇ ਮਨੁੱਖਾ ਸਰੀਰ ਨੂੰ (ਭਾਵ, ਗਿਆਨ-ਇੰਦ੍ਰਰਿਆਂ ਨੂੰ, ਉਸ ਘਰ ਦੀ ਰਾਖੀ ਲਈ) ਵਾੜ ਬਣਾਇਆ ਹੈ ।
ਇਸ ਮਨ-ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਦੀ ਨਾਮ-ਪੂੰਜੀ ਹੈ ।
ਇਸ ਮਨ-ਮੰਦਰ ਦੇ ਵਿਚ ਹੀ ਉਹ ਪ੍ਰਭੂ-ਸ਼ਾਹ ਵੱਸਦਾ ਸੁਣੀਦਾ ਹੈ ।
ਕੋਈ ਵਿਰਲਾ ਨਾਮ-ਵਣਜਾਰਾ ਹੈ, ਜਿਸ ਦਾ ਉਸ ਸ਼ਾਹ ਦੀ ਹਜ਼ੂਰੀ ਵਿਚ ਇਤਬਾਰ ਬਣਿਆ ਹੋਇਆ ਹੈ ।੧ ।
ਉਹ ਕੇਹੜਾ (ਵਿਰਲਾ ਪ੍ਰਭੂ ਦਾ) ਸੇਵਕ ਹੈ ਜੋ (ਮੈਨੂੰ ਭੀ) ਨਾਮ ਦਾ ਸੌਦਾ ਕਰਾ ਦੇਵੇ ?
ਮੈਂ ਆਪਣਾ ਮਨ ਤਨ ਉਸ ਦੀ ਭੇਟ ਕਰਦਾ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ, ਮੇਰ-ਤੇਰ ਛੱਡ ਕੇ ਮੈਂ ਉਸ ਦੀ ਪੈਰੀਂ ਲੱਗਦਾ ਹਾਂ (ਮੈਂ ਉਸ ਹਰਿ-ਜਨ ਪਾਸੋਂ ਪੁੱਛਣਾ ਚਾਹੁੰਦਾ ਹਾਂ ਕਿ) ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਪ੍ਰਭੂ ਪ੍ਰਸੰਨ ਹੋ ਜਾਏ ।੨ ।
(ਮੈਂ ਉਸ ਨਾਮ-ਰਤਨ ਦੇ ਵਪਾਰੀ ਪਾਸੋਂ ਪੁੱਛਦਾ ਹਾਂ ਕਿ) ਨਾਮ-ਰਾਸਿ ਦੇ ਸ਼ਾਹ ਦਾ ਮਹਲ ਮਨੁੱਖ ਕੇਹੜੇ ਤਰੀਕਿਆਂ ਨਾਲ ਲੱਭ ਸਕਦਾ ਹੈ ?
ਉਹ ਕੇਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ-ਵਣਜਾਰੇ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ ?
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਕ੍ਰੋੜਾਂ ਜੀਵ ਤੇਰੇ ਵਣਜਾਰੇ ਹਨ ।
ਨਾਮ ਦੀ ਦਾਤਿ ਕਰਨ ਵਾਲਾ ਉਹ ਕੌਣ ਹੈ ਜੋ ਮੈਨੂੰ ਫੜ ਕੇ ਤੇਰੇ ਚਰਨਾਂ ਵਿਚ ਅਪੜਾ ਦੇਵੇ ?
।੩ ।
ਹੇ ਨਾਨਕ! ਆਖ—ਜਦੋਂ ਭੀ ਸ਼ਾਹ-ਪ੍ਰਭੂ ਨੇ ਕਿਰਪਾ ਕਰ ਕੇ (ਕਿਸੇ ਜੀਵ-ਵਣਜਾਰੇ ਨੂੰ ਆਪਣੇ ਚਰਨਾਂ ਵਿਚ) ਮਿਲਾਇਆ ਹੈ ਗੁਰੂ ਦੀ ਹਾਮੀ ਦੀ ਰਾਹੀਂ ਹੀ ਮਿਲਾਇਆ ਹੈ ।
(ਗੁਰੂ ਨੇ ਹੀ ਉਸ ਵਡ-ਭਾਗੀ ਵਣਜਾਰੇ ਨੂੰ) ਸਦਾ ਕਾਇਮ ਰਹਿਣ ਵਾਲਾ (ਅਮੋਲਕ ਨਾਮ-ਰਤਨ ਵਿਖਾਲ ਦਿੱਤਾ ਹੈ ।
(ਗੁਰੂ ਦੀ ਕਿਰਪਾ ਨਾਲ ਹੀ ਉਸ ਵਣਜਾਰੇ ਨੇ) ਭਾਲ ਕਰਦਿਆਂ ਕਰਦਿਆਂ ਆਪਣਾ (ਉਹ ਅਸਲੀ) ਘਰ ਲੱਭ ਲਿਆ (ਜਿਥੇ ਪ੍ਰਭੂ-ਸ਼ਾਹ ਵੱਸਦਾ ਹੈ) ।੪।੧੬।੮੫ ।
Follow us on Twitter Facebook Tumblr Reddit Instagram Youtube