ਗਉੜੀ ਗੁਆਰੇਰੀ ਮਹਲਾ ੫ ॥
ਤਉ ਕਿਰਪਾ ਤੇ ਮਾਰਗੁ ਪਾਈਐ ॥
ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥
ਪ੍ਰਭ ਕਿਰਪਾ ਤੇ ਬੰਧਨ ਛੁਟੈ ॥
ਤਉ ਕਿਰਪਾ ਤੇ ਹਉਮੈ ਤੁਟੈ ॥੧॥

ਤੁਮ ਲਾਵਹੁ ਤਉ ਲਾਗਹ ਸੇਵ ॥
ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥

ਤੁਧੁ ਭਾਵੈ ਤਾ ਗਾਵਾ ਬਾਣੀ ॥
ਤੁਧੁ ਭਾਵੈ ਤਾ ਸਚੁ ਵਖਾਣੀ ॥
ਤੁਧੁ ਭਾਵੈ ਤਾ ਸਤਿਗੁਰ ਮਇਆ ॥
ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥

ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥
ਜੋ ਤੁਧੁ ਭਾਵੈ ਸੋ ਸਚੁ ਧਰਮਾ ॥
ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥
ਤੂੰ ਸਾਹਿਬੁ ਸੇਵਕ ਅਰਦਾਸਿ ॥੩॥

ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥
ਸਰਬ ਸੁਖਾ ਪਾਵਉ ਸਤਸੰਗਿ ॥
ਨਾਮਿ ਤੇਰੈ ਰਹੈ ਮਨੁ ਰਾਤਾ ॥
ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥

Sahib Singh
ਤੇ = ਤੋਂ, ਨਾਲ ।
ਤਉ ਕਿਰਪਾ ਤੇ = ਤੇਰੀ ਕਿਰਪਾ ਨਾਲ ।
ਮਾਰਗੁ = (ਜੀਵਨ ਦਾ ਸਹੀ) ਰਸਤਾ ।
ਪ੍ਰਭੂ ਕਿਰਪਾ ਤੇ = ਪ੍ਰਭੂ ਦੀ ਕਿਰਪਾ ਨਾਲ ।੧ ।
ਲਾਗਹ = ਅਸੀ ਲੱਗਦੇ ਹਾਂ ।
ਹਮ ਤੇ = ਸਾਥੋਂ ।
ਦੇਵ = ਹੇ ਦੇਵ !
    ਹੇ ਪ੍ਰਕਾਸ਼ ਰੂਪ !
    ।੧।ਰਹਾਉ ।
ਭਾਵੈ = ਚੰਗਾ ਲੱਗੇ ।
ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ ।
ਸਚੁ = ਸਦਾ = ਥਿਰ ਰਹਿਣ ਵਾਲਾ ਨਾਮ ।
ਵਖਾਣੀ = ਮੈਂ ਉਚਾਰਦਾ ਹਾਂ ।
ਮਇਆ = ਦਇਆ ।
ਪ੍ਰਭੂ = ਹੇ ਪ੍ਰਭੂ !
    ।੨ ।
ਨਿਰਮਲ = ਪਵਿਤ੍ਰ ।
ਸਚੁ = ਅਟੱਲ ।
ਨਿਧਾਨ = ਖ਼ਜ਼ਾਨੇ ।੩ ।
ਰੰਗਿ = ਪ੍ਰੇਮ ਵਿਚ ।
ਪਾਵਉ = ਪਾਵਉਂ, ਮੈਂ ਪ੍ਰਾਪਤ ਕਰਦਾ ਹਾਂ ।
ਸਤਸੰਗਿ = ਸਤਸੰਗ ਵਿਚ ।
ਨਾਮਿ = ਨਾਮ ਵਿਚ ।
ਕਲਿਆਣੁ = ਖ਼ੁਸ਼ੀ, ਆਨੰਦ ।੪ ।
    
Sahib Singh
ਹੇ ਪ੍ਰਕਾਸ਼-ਰੂਪ ਪ੍ਰਭੂ! ਸਾਥੋਂ (ਜੀਵਾਂ ਪਾਸੋਂ ਸਾਡੇ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ) ਕੁਝ ਭੀ ਨਹੀਂ ਹੋ ਸਕਦੀ ।
ਤੂੰ (ਆਪ ਹੀ ਸਾਨੂੰ) ਸੇਵਾ-ਭਗਤੀ ਵਿਚ ਲਾਵੇਂ ਤਾਂ ਅਸੀ ਲੱਗ ਸਕਦੇ ਹਾਂ ।੧।ਰਹਾਉ ।
(ਹੇ ਪ੍ਰਭੂ!) ਤੇਰੀ ਕਿਰਪਾ ਨਾਲ (ਜੀਵਨ ਦਾ ਸਹੀ) ਰਸਤਾ ਲੱਭਦਾ ਹੈ ।
(ਹੇ ਭਾਈ!) ਪ੍ਰਭੂ ਦੀ ਕਿਰਪਾ ਨਾਲ (ਪ੍ਰਭੂ ਦਾ) ਨਾਮ ਸਿਮਰੀਦਾ ਹੈ, (ਇਸ ਤ੍ਰਹਾਂ) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਬੰਧਨਾਂ ਦਾ ਜਾਲ ਟੁੱਟ ਜਾਂਦਾ ਹੈ ।
ਹੇ ਪ੍ਰਭੂ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ ।੧ ।
(ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗਾ ਸਕਦਾ ਹਾਂ ।
ਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ ।
(ਹੇ ਪ੍ਰਭੂ!) ਤੈਨੂੰ ਚੰਗਾ ਲੱਗੇ ਤਾਂ (ਜੀਵਾਂ ਉਤੇ) ਗੁਰੂ ਦੀ ਕਿਰਪਾ ਹੁੰਦੀ ਹੈ ।
ਹੇ ਪ੍ਰਭੂ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ ।੨ ।
ਹੇ ਪ੍ਰਭੂ! ਜੇਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿਤ੍ਰ ਹੈ, ਜੇਹੜੀ ਜੀਵਨ-ਮਰਯਾਦਾ ਤੈਨੂੰ ਪਸੰਦ ਆ ਜਾਏ ਉਹੀ ਅਟੱਲ ਮਰਯਾਦਾ ਹੈ ।
ਹੇ ਪ੍ਰਭੂ! ਸਾਰੇ ਖ਼ਜ਼ਾਨੇ ਸਾਰੇ ਗੁਣ ਤੇਰੇ ਹੀ ਵੱਸ ਵਿਚ ਹਨ ।
ਤੂੰ ਹੀ ਮੇਰਾ ਮਾਲਕ ਹੈਂ, ਮੈਂ ਸੇਵਕ ਦੀ (ਤੇਰੇ ਅੱਗੇ ਹੀ) ਅਰਦਾਸ ਹੈ ।੩ ।
(ਹੇ ਭਾਈ!) ਪਰਮਾਤਮਾ ਦੇ ਪਿਆਰ ਵਿਚ (ਟਿਕੇ ਰਿਹਾਂ) ਮਨ ਪਵਿਤ੍ਰ ਹੋ ਜਾਂਦਾ ਹੈ, ਸਾਧ ਸੰਗਤਿ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ ।
ਹੇ ਨਾਨਕ! (ਆਖ—ਹੇ ਪ੍ਰਭੂ! ਜਿਸ ਮਨੁੱਖ ਦਾ) ਮਨ ਤੇਰੇ ਨਾਮ ਵਿਚ ਰੰਗਿਆ ਜਾਂਦਾ ਹੈ ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ ।੪।੧੪।੮੩ ।
Follow us on Twitter Facebook Tumblr Reddit Instagram Youtube