ਗਉੜੀ ਗੁਆਰੇਰੀ ਮਹਲਾ ੫ ॥
ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥
ਬਹੁਰਿ ਬਹੁਰਿ ਉਆਹੂ ਲਪਟੇਰਾ ॥
ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥
ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥

ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥
ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥

ਜੋ ਭਲਾਈ ਸੋ ਬੁਰਾ ਜਾਨੈ ॥
ਸਾਚੁ ਕਹੈ ਸੋ ਬਿਖੈ ਸਮਾਨੈ ॥
ਜਾਣੈ ਨਾਹੀ ਜੀਤ ਅਰੁ ਹਾਰ ॥
ਇਹੁ ਵਲੇਵਾ ਸਾਕਤ ਸੰਸਾਰ ॥੨॥

ਜੋ ਹਲਾਹਲ ਸੋ ਪੀਵੈ ਬਉਰਾ ॥
ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥
ਸਾਧਸੰਗ ਕੈ ਨਾਹੀ ਨੇਰਿ ॥
ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥

ਏਕੈ ਜਾਲਿ ਫਹਾਏ ਪੰਖੀ ॥
ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥
ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥
ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥

Sahib Singh
ਬਹੁਰਿ ਬਹੁਰਿ = ਮੁੜ ਮੁੜ ।
ਉਆ ਹੂ = ਉਸ (ਤਨ) ਨਾਲ ਹੀ ।
ਕਲਤ੍ਰ = ਇਸਤਰੀ ।
ਗਿਰਸਤ = ਗਿ੍ਰਹਸਤ ।੧ ।
ਬਿਧਿ = ਤਰੀਕਾ, ਢੰਗ ।
ਜਿਤੁ = ਜਿਸ ਦੀ ਰਾਹੀਂ ।
ਮਤਿ = ਬੁਧਿ, ਅਕਲ ।
ਮਾਇ = ਮਾਇਆ ।੧।ਰਹਾਉ ।
ਬਿਖੈ = ਜ਼ਹਰ ।
ਸਮਾਨੈ = ਬਰਾਬਰ ।
ਵਲੇਵਾ = ਵਰਤੋਂ, ਵਿਹਾਰ ।
ਸਾਕਤ = ਰੱਬ ਨਾਲੋਂ ਟੁੱਟੇ ਹੋਏ ਦੀ ।੨ ।
ਹਲਾਹਲ = ਮਹੁਰਾ, ਜ਼ਹਰ ।
ਬਉਰਾ = ਪਾਗਲ ।
ਕਰਿ = ਕਰ ਕੇ ।
ਨੇਰਿ = ਨੇੜੇ ।
ਫੇਰਿ = ਗੇੜ ਵਿਚ ।੩ ।
ਏਕੈ ਜਾਲਿ = ਇਕ (ਮਾਇਆ) ਦੇ ਜਾਲ ਵਿਚ ।
ਪੰਖੀ = ਜੀਵ = ਪੰਛੀ ।
ਰਸਿ ਰਸਿ = ਸੁਆਦ ਲਾ ਲਾ ਕੇ ।
ਬਹੁ = ਰੰਗੀ = ਅਨੇਕਾਂ ਰੰਗਾਂ ਦੇ ।
ਗੁਰਿ = ਗੁਰੂ ਨੇ ।
ਤਾ ਕੇ = ਉਸ ਦੇ ।੪ ।
    
Sahib Singh
(ਹੇ ਭਾਈ!) ਉਹ ਕੇਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ ?
ਉਹ ਕੇਹੜੀ ਸਿੱਖ-ਮਤਿ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ (ਦੇ ਪ੍ਰਭਾਵ) ਤੋਂ ਪਾਰ ਲੰਘ ਸਕਦਾ ਹੈ ?
।੧।ਰਹਾਉ ।
(ਮਾਇਆ ਦੇ ਮੋਹ ਵਿਚ ਫਸਿਆ) ਮਨੁੱਖ ਸਮਝਦਾ ਹੈ ਕਿ ਇਹ ਸਰੀਰ (ਸਦਾ) ਮੇਰਾ (ਆਪਣਾ ਹੀ ਰਹਿਣਾ) ਹੈ, ਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ ।
ਜਿਤਨਾ ਚਿਰ ਪੁੱਤਰ ਇਸਤ੍ਰੀ ਗਿ੍ਰਹਸਤ (ਦੇ ਮੋਹ) ਦਾ ਫਾਹਾ (ਗਲ ਵਿਚ ਪਿਆ ਰਹਿੰਦਾ) ਹੈ, ਪਰਮਾਤਮਾ ਦਾ ਸੇਵਕ ਬਣ ਨਹੀਂ ਸਕੀਦਾ ।੧ ।
ਮਾਇਆ-ਵੇੜ੍ਹੇ ਸੰਸਾਰ ਦਾ ਇਹ ਵਰਤਣ-ਵਿਹਾਰ ਹੈ ਕਿ ਜੇਹੜਾ ਕੰਮ ਇਸ ਦੀ ਭਲਾਈ (ਦਾ) ਹੈ ਉਸ ਨੂੰ ਭੈੜਾ ਸਮਝਦਾ ਹੈ, ਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਰ ਵਰਗਾ ਲੱਗਦਾ ਹੈ, ਇਹ ਨਹੀਂ ਸਮਝਦਾ ਹੈ ਕਿ ਕੇਹੜਾ ਕੰਮ ਜੀਵਨ-ਬਾਜ਼ੀ ਦੀ ਜਿੱਤ ਵਾਸਤੇ ਹੈ ਤੇ ਕੇਹੜਾ ਹਾਰ ਵਾਸਤੇ ।੨ ।
ਜੇਹੜਾ ਜ਼ਹਰ ਹੈ ਉਸ ਨੂੰ ਮਾਇਆ-ਗ੍ਰਸਿਆ ਮਨੁੱਖ (ਖ਼ੁਸ਼ੀ ਨਾਲ) ਪੀਂਦਾ ਹੈ ।
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ ।
(ਮਾਇਆ-ਗ੍ਰਸਿਆ ਮਨੁੱਖ) ਸਾਧ ਸੰਗਤਿ ਦੇ ਨੇੜੇ ਨਹੀਂ ਢੁਕਦਾ, (ਇਸ ਤ੍ਰਹਾਂ) ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦਾ ਫਿਰਦਾ ਹੈ ।੩ ।
ਜੀਵ-ਪੰਛੀ ਇਕ ਮਾਇਆ ਦੇ ਜਾਲ ਵਿਚ ਹੀ (ਪਰਮਾਤਮਾ ਨੇ) ਫਸਾਏ ਹੋਏ ਹਨ, ਸੁਆਦ ਲਾ ਲਾ ਕੇ ਇਹ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ ।
ਹੇ ਨਾਨਕ! ਆਖ—ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾਲ ਹੁੰਦਾ ਹੈ, ਪੂਰੇ ਗੁਰੂ ਨੇ ਉਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਫਾਹੇ ਕੱਟ ਦਿੱਤੇ ਹਨ ।੪।੧੩।੮੨ ।
Follow us on Twitter Facebook Tumblr Reddit Instagram Youtube