ਗਉੜੀ ਗੁਆਰੇਰੀ ਮਹਲਾ ੫ ॥
ਅਗਲੇ ਮੁਏ ਸਿ ਪਾਛੈ ਪਰੇ ॥
ਜੋ ਉਬਰੇ ਸੇ ਬੰਧਿ ਲਕੁ ਖਰੇ ॥
ਜਿਹ ਧੰਧੇ ਮਹਿ ਓਇ ਲਪਟਾਏ ॥
ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥

ਓਹ ਬੇਲਾ ਕਛੁ ਚੀਤਿ ਨ ਆਵੈ ॥
ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥

ਆਸਾ ਬੰਧੀ ਮੂਰਖ ਦੇਹ ॥
ਕਾਮ ਕ੍ਰੋਧ ਲਪਟਿਓ ਅਸਨੇਹ ॥
ਸਿਰ ਊਪਰਿ ਠਾਢੋ ਧਰਮ ਰਾਇ ॥
ਮੀਠੀ ਕਰਿ ਕਰਿ ਬਿਖਿਆ ਖਾਇ ॥੨॥

ਹਉ ਬੰਧਉ ਹਉ ਸਾਧਉ ਬੈਰੁ ॥
ਹਮਰੀ ਭੂਮਿ ਕਉਣੁ ਘਾਲੈ ਪੈਰੁ ॥
ਹਉ ਪੰਡਿਤੁ ਹਉ ਚਤੁਰੁ ਸਿਆਣਾ ॥
ਕਰਣੈਹਾਰੁ ਨ ਬੁਝੈ ਬਿਗਾਨਾ ॥੩॥

ਅਪੁਨੀ ਗਤਿ ਮਿਤਿ ਆਪੇ ਜਾਨੈ ॥
ਕਿਆ ਕੋ ਕਹੈ ਕਿਆ ਆਖਿ ਵਖਾਨੈ ॥
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
ਅਪਨਾ ਭਲਾ ਸਭ ਕਾਹੂ ਮੰਗਨਾ ॥੪॥

ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥
ਅੰਤੁ ਨਾਹੀ ਕਿਛੁ ਪਾਰਾਵਾਰੁ ॥
ਦਾਸ ਅਪਨੇ ਕਉ ਦੀਜੈ ਦਾਨੁ ॥
ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥

Sahib Singh
ਅਗਲੇ = ਆਪਣੇ ਤੋਂ ਪਹਿਲੇ, ਆਪਣੇ ਵੱਡੇ ਵਡੇਰੇ ।
ਸਿ = ਉਹ ਵੱਡੇ ਵਡੇਰੇ ।
ਪਾਛੈ ਪਰੇ = ਭੁੱਲ ਗਏ ।
ਉਬਰੇ = ਬਚੇ ਹੋਏ ਹਨ, ਜੀਊਂਦੇ ਹਨ ।
ਸੇ = ਉਹ ਬੰਦੇ ।
ਬੰਧਿ = ਬੰਨ੍ਹ ਕੇ ।
ਖਰੇ = ਖਲੋਤੇ ਹੋਏ ਹਨ ।
ਮਹਿ = ਵਿਚ ।
ਓਇ = ਉਹ ਮਰ ਚੁਕੇ ਵੱਡੇ ਵਡੇਰੇ ।
ਲਪਟਾਏ = ਫਸੇ ਹੋਏ ਸਨ ।
ਤੇ = ਤੋਂ ।
ਦੁਗੁਣ = ਦੂਣੀ ।
ਦਿੜੀ = ਪੱਕੀ ਕਰ ਕੇ ਬੰਨ੍ਹੀ ਹੋਈ ਹੈ ।
ਉਨ = ਉਹਨਾਂ ਨੇ ਜੋ ਹੁਣ ਜੀਊਂਦੇ ਹਨ ।
ਮਾਏ = ਮਾਇਆ ।੧ ।
ਬੇਲਾ = ਸਮਾ ।
ਚੀਤਿ = ਚਿੱਤ ਵਿਚ ।
ਬਿਨਸਿ ਜਾਇ = ਮਰ ਜਾਂਦਾ ਹੈ ।
ਤਾਹੂ = ਉਸ ਮਾਇਆ ਨਾਲ ਹੀ ।੧।ਰਹਾਉ ।
ਬੰਧੀ = ਬੱਝੀ ਹੋਈ ।
ਮੂਰਖ ਦੇਹ = ਮੂਰਖ ਦਾ ਸਰੀਰ ।
ਅਸਨੇਹ = ਮੋਹ (Ôਨੇਹ) ।
ਠਾਢੋ = ਖਲੋਤਾ ਹੋਇਆ ਹੈ ।
ਬਿਖਿਆ = ਮਾਇਆ ।੨।ਹਉ—ਮੈਂ ।
ਬੰਧਉ = ਬੰਧਉਂ, ਮੈਂ ਬੰਨ੍ਹ ਲੈਂਦਾ ਹਾਂ, ਮੈਂ ਬੰਨ੍ਹ ਲਵਾਂਗਾ ।
ਸਾਧਉ ਬੈਰੁ = ਮੈਂ ਵੈਰ ਲਵਾਂਗਾ ।
ਭੂਮਿ = ਜ਼ਮੀਨ (ਉਤੇ) ।
ਘਾਲੈ ਪੈਰੁ = ਪੈਰ ਰੱਖ ਸਕਦਾ ਹੈ ।
ਬਿਗਾਨਾ = ਬੇ = ਗਿਆਨਾ, ਮੂਰਖ ।੩ ।
ਗਤਿ = ਅਵਸਥਾ, ਹਾਲਤ ।
ਮਿਤਿ = ਮਰਯਾਦਾ, ਮਾਪ ।
ਆਖਿ = ਆਖ ਕੇ ।
ਕੋ = ਕੋਈ ਮਨੁੱਖ ।
ਜਿਤੁ = ਜਿਸ ਪਾਸੇ ।
ਸਭ ਕਾਹੂ = ਹਰ ਕਿਸੇ ਨੇ ।੪ ।
ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ ।੫ ।
    
Sahib Singh
ਜੇਹੜੇ ਆਪਣੇ ਵੱਡੇ-ਵਡੇਰੇ ਮਰ ਚੁਕੇ ਹੁੰਦੇ ਹਨ ਉਹ ਭੁੱਲ ਜਾਂਦੇ ਹਨ (ਭਾਵ, ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ), ਜੇਹੜੇ ਹੁਣ ਜੀਊਂਦੇ ਹਨ ਉਹ (ਮਾਇਆ ਜੋੜਨ ਲਈ) ਲੱਕ ਬੰਨ੍ਹ ਕੇ ਖਲੋ ਜਾਂਦੇ ਹਨ ।
ਜਿਸ ਧੰਧੇ ਵਿਚ ਉਹ (ਮਰ ਚੁਕੇ ਵੱਡੇ ਵਡੇਰੇ) ਫਸੇ ਹੋਏ ਸਨ, ਉਹਨਾਂ ਤੋਂ ਦੂਣੀ ਮਾਇਆ ਦੀ ਪਕੜ ਉਹ ਜੀਊਂਦੇ ਮਨੁੱਖ ਆਪਣੇ ਮਨ ਵਿਚ ਬਣਾ ਲੈਂਦੇ ਹਨ ।੧ ।
(ਮੂਰਖ ਮਨੁੱਖ ਨੂੰ) ਉਹ ਸਮਾ ਰਤਾ ਭੀ ਚੇਤੇ ਨਹੀਂ ਆਉਂਦਾ (ਜਦੋਂ ਵੱਡੇ-ਵਡੇਰਿਆਂ ਵਾਂਗ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ) ।
ਮਨੁੱਖ (ਮੁੜ ਮੁੜ) ਉਸੇ (ਮਾਇਆ) ਨਾਲ ਚੰਬੜਦਾ ਹੈ ਜਿਸ ਨੇ ਨਾਸ ਹੋ ਜਾਣਾ ਹੈ (ਜਿਸ ਨਾਲ ਸਾਥ ਨਹੀਂ ਨਿਭਣਾ) ।੧।ਰਹਾਉ ।
ਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ, ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿਚ ਫਸਿਆ ਰਹਿੰਦਾ ਹੈ ।
ਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾ ਨੇੜੇ ਆ ਰਿਹਾ ਹੈ, ਪਰ) ਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ (-ਜ਼ਹਰ) ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ ।੨ ।
(ਮਾਇਆ-ਮੱਤਾ ਮੂਰਖ ਮਨੁੱਖ ਇਉਂ ਅਹੰਕਾਰ-ਭਰੀਆਂ ਗੱਲਾਂ ਕਰਦਾ ਹੈ:- ) ਮੈਂ (ਉਸ ਨੂੰ) ਬੰਨ੍ਹ ਲਵਾਂਗਾ, ਮੈਂ (ਉਸ ਪਾਸੋਂ ਆਪਣਾ) ਵੈਰ (ਦਾ ਬਦਲਾ) ਲਵਾਂਗਾ, ਮੇਰੀ ਭੁਇਂ ਉਤੇ ਕੌਣ ਪੈਰ ਰੱਖਦਾ ਹੈ ?
ਮੈਂ ਵਿਦਵਾਨ ਹਾਂ, ਮੈਂ ਚਤੁਰ ਹਾਂ ਮੈਂ ਸਿਆਣਾ ਹਾਂ ।
(ਆਪਣੇ ਅਹੰਕਾਰ ਵਿਚ) ਮੂਰਖ ਮਨੁੱਖ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਭੀ ਨਹੀਂ ਸਮਝਦਾ (ਚੇਤੇ ਰੱਖਦਾ) ।੩ ।
(ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ ।
ਜੀਵ (ਉਸ ਪਰਮਾਤਮਾ ਦੀ ਗਤਿ ਮਿਤਿ ਬਾਰੇ) ਕੁਝ ਭੀ ਕਹਿ ਨਹੀਂ ਸਕਦਾ, ਕੁਝ ਭੀ ਆਖ ਕੇ ਬਿਆਨ ਨਹੀਂ ਕਰ ਸਕਦਾ ।
ਹੇ ਪ੍ਰਭੂ! ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਂਦਾ ਹੈਂ, ਉਧਰ ਉਧਰ ਹੀ ਇਹ ਲੱਗ ਸਕਦਾ ਹੈ ।
ਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗ ਮੰਗਣੀ ਹੈ ।੪ ।
ਹੇ ਪ੍ਰਭੂ! ਇਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਾਰੇ ਜਗਤ ਦਾ ਬਣਾਣ ਵਾਲਾ ਹੈਂ ।
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨ੍ਹਾ ਨਹੀਂ ਲੱਭ ਸਕਦਾ ।
ਹੇ ਪ੍ਰਭੂ! ਆਪਣੇ ਦਾਸ ਨਾਨਕ ਨੂੰ ਇਹ ਦਾਤਿ ਬਖ਼ਸ਼ ਕਿ ਮੈਨੂੰ ਕਦੇ ਤੇਰਾ ਨਾਮ ਨਾਹ ਭੁੱਲੇ ।੫।੯।੭੮ ।
Follow us on Twitter Facebook Tumblr Reddit Instagram Youtube