ਗਉੜੀ ਗੁਆਰੇਰੀ ਮਹਲਾ ੫ ॥
ਸੁਣਿ ਹਰਿ ਕਥਾ ਉਤਾਰੀ ਮੈਲੁ ॥
ਮਹਾ ਪੁਨੀਤ ਭਏ ਸੁਖ ਸੈਲੁ ॥
ਵਡੈ ਭਾਗਿ ਪਾਇਆ ਸਾਧਸੰਗੁ ॥
ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥

ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥
ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥

ਕਰਿ ਕੀਰਤਨੁ ਮਨ ਸੀਤਲ ਭਏ ॥
ਜਨਮ ਜਨਮ ਕੇ ਕਿਲਵਿਖ ਗਏ ॥
ਸਰਬ ਨਿਧਾਨ ਪੇਖੇ ਮਨ ਮਾਹਿ ॥
ਅਬ ਢੂਢਨ ਕਾਹੇ ਕਉ ਜਾਹਿ ॥੨॥

ਪ੍ਰਭ ਅਪੁਨੇ ਜਬ ਭਏ ਦਇਆਲ ॥
ਪੂਰਨ ਹੋਈ ਸੇਵਕ ਘਾਲ ॥
ਬੰਧਨ ਕਾਟਿ ਕੀਏ ਅਪਨੇ ਦਾਸ ॥
ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥

ਏਕੋ ਮਨਿ ਏਕੋ ਸਭ ਠਾਇ ॥
ਪੂਰਨ ਪੂਰਿ ਰਹਿਓ ਸਭ ਜਾਇ ॥
ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥
ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥

Sahib Singh
ਸੁਣਿ = ਸੁਣ ਕੇ ।
ਮੈਲੁ = (ਲਫ਼ਜ਼ ‘ਮੈਲੁ’ ਇਸਤ੍ਰੀ ਲਿੰਗ ਹੈ, ਪਰ ਇਸ ਦੀ ਸ਼ਕਲ ਪੁਲਿੰਗ ਵਰਗੀ ਹੈ) ।
ਪੁਨੀਤ = ਪਵਿਤ੍ਰ ।
ਸੈਲੁ = ਪਹਾੜ ।
ਸੁਖ ਸੈਲੁ = ਸੁਖਾਂ ਦਾ ਪਹਾੜ, ਅਨੇਕਾਂ ਹੀ ਸੁਖ ।
ਭਾਗਿ = ਕਿਸਮਤ ਨਾਲ ।
ਸਿਉ = ਨਾਲ ।
ਰੰਗੁ = ਪ੍ਰੇਮ ।੧ ।
ਜਨੁ = ਸੇਵਕ ।
ਅਗਨਿ = ਅੱਗ ।
ਸਾਗਰੁ = ਸਮੁੰਦਰ ।
ਗੁਰਿ = ਗੁਰੂ ਨੇ ।੧।ਰਹਾਉ ।
ਕਰਿ = ਕਰ ਕੇ ।
ਸੀਤਲ = ਠੰਡੇ ।
ਕਿਲਵਿਖ = ਪਾਪ ।
ਨਿਧਾਨ = ਖ਼ਜ਼ਾਨੇ ।
ਪੇਖੇ = ਵੇਖ ਲਏ ।
ਕਾਹੇ ਕਉ = ਕਾਹਦੇ ਲਈ ?
    ਕਿਉਂ ?
ਜਾਹਿ = ਉਹ ਜਾਂਦੇ ਹਨ, ਉਹ ਜਾਣ ।੨ ।
ਸੇਵਕ ਘਾਲ = ਸੇਵਕ ਦੀ ਮਿਹਨਤ ।
ਕਾਟਿ = ਕੱਟ ਕੇ ।
ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ।੩ ।
ਏਕੋ = ਇਕ (ਪ੍ਰਭੂ) ਹੀ ।
ਮਨਿ = ਮਨ ਵਿਚ, ਹਿਰਦੇ ਵਿਚ ।
ਠਾਇ = ਥਾਂ ਵਿਚ ।
ਜਾਇ = ਥਾਂ ।
ਗੁਰਿ = ਗੁਰੂ ਨੇ ।੪ ।
    
Sahib Singh
ਹਰਿ-ਨਾਮ ਸਿਮਰਦੇ ਸੇਵਕ ਨੂੰ (ਗੁਰੂ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ ।
ਗੁਰੂ ਨੇ (ਸੇਵਕ ਨੂੰ) ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ।੧।ਰਹਾਉ ।
ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ (ਆਪਣੇ ਮਨ ਤੋਂ ਵਿਕਾਰਾਂ ਦੀ) ਮੈਲ ਲਾਹ ਲਈ ਉਹ ਬੜੇ ਹੀ ਪਵਿਤ੍ਰ (ਜੀਵਨ ਵਾਲੇ) ਹੋ ਗਏ, ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ ।
ਉਹਨਾਂ ਨੇ ਵੱਡੀ ਕਿਸਮਤਿ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ, ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣ ਗਿਆ ।੧।ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਜਿਨ੍ਹਾਂ ਦੇ ਮਨ ਠੰਢੇ-ਠਾਰ ਹੋ ਗਏ, (ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਗਏ ।
ਉਹਨਾਂ ਨੇ ਸਾਰੇ ਖ਼ਜ਼ਾਨੇ ਆਪਣੇ ਮਨ ਵਿਚ ਹੀ ਵੇਖ ਲਏ, (ਇਸ ਵਾਸਤੇ ਸੁਖ) ਢੂੰੰਡਣ ਲਈ ਹੁਣ ਉਹ (ਹੋਰ ਕਿਤੇ) ਕਿਉਂ ਜਾਣ ?
(ਭਾਵ, ਸੁਖ ਦੀ ਭਾਲ ਬਾਹਰ ਜਗਤ ਦੇ ਪਦਾਰਥਾਂ ਵਿਚੋਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ) ।੨ ।
ਜਦੋਂ ਪ੍ਰਭੂ ਜੀ ਆਪਣੇ ਦਾਸਾਂ ਉਤੇ ਦਿਆਲ ਹੁੰਦੇ ਹਨ, ਤਦੋਂ ਦਾਸਾਂ ਦੀ (ਕੀਤੀ ਹੋਈ ਸੇਵਾ-ਸਿਮਰਨ ਦੀ) ਮਿਹਨਤ ਸਫਲ ਹੋ ਜਾਂਦੀ ਹੈ ।
(ਸੇਵਕਾਂ ਦੇ ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਪ੍ਰਭੂ ਉਹਨਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ ।
ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ) ।੩ ।
ਪੂਰੇ ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਸਾਰੀ ਭਟਕਣਾ ਦੂਰ ਕਰ ਦਿੱਤੀ, ਉਸ ਨੂੰ ਹਰ ਥਾਂ ਵਿਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿੱਸਦਾ ਹੈ, ਉਸ ਨੂੰ ਇਕ ਪਰਮਾਤਮਾ ਹੀ ਆਪਣੇ ਹਿਰਦੇ ਵਿਚ ਵੱਸਦਾ ਦਿੱਸਦਾ ਹੈ, ਇਕ ਪਰਮਾਤਮਾ ਹੀ ਹਰੇਕ ਥਾਂ ਵਿਚ ਦਿੱਸਦਾ ਹੈ ।
ਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰ ਕੇ ਉਸ ਮਨੁੱਖ ਨੇ ਆਤਮਕ ਆਨੰਦ ਲੱਭ ਲਿਆ ਹੈ ।੪।੮।੭੭ ।
Follow us on Twitter Facebook Tumblr Reddit Instagram Youtube