ਗਉੜੀ ਗੁਆਰੇਰੀ ਮਹਲਾ ੫ ॥
ਜਿਨਿ ਕੀਤਾ ਮਾਟੀ ਤੇ ਰਤਨੁ ॥
ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ ॥
ਜਿਨਿ ਦੀਨੀ ਸੋਭਾ ਵਡਿਆਈ ॥
ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥

ਰਮਈਆ ਰੇਨੁ ਸਾਧ ਜਨ ਪਾਵਉ ॥
ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥੧॥ ਰਹਾਉ ॥

ਜਿਨਿ ਕੀਤਾ ਮੂੜ ਤੇ ਬਕਤਾ ॥
ਜਿਨਿ ਕੀਤਾ ਬੇਸੁਰਤ ਤੇ ਸੁਰਤਾ ॥
ਜਿਸੁ ਪਰਸਾਦਿ ਨਵੈ ਨਿਧਿ ਪਾਈ ॥
ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥੨॥

ਜਿਨਿ ਦੀਆ ਨਿਥਾਵੇ ਕਉ ਥਾਨੁ ॥
ਜਿਨਿ ਦੀਆ ਨਿਮਾਨੇ ਕਉ ਮਾਨੁ ॥
ਜਿਨਿ ਕੀਨੀ ਸਭ ਪੂਰਨ ਆਸਾ ॥
ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥

ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ ॥
ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ ॥
ਕਹੁ ਨਾਨਕ ਇਸ ਤੇ ਕਿਛੁ ਨਾਹੀ ॥
ਰਾਖਨਹਾਰੇ ਕਉ ਸਾਲਾਹੀ ॥੪॥੬॥੭੫॥

Sahib Singh
ਜਿਨਿ = ਜਿਸ (ਕਰਤਾਰ) ਨੇ ।
ਰਤਨੁ = ਅਮੋਲਕ ਮਨੁੱਖਾ ਸਰੀਰ ।
ਗਰਭ = ਮਾਂ ਦਾ ਪੇਟ ।
ਕਰਿ = ਕਰ ਕੇ ।
ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ।੧ ।
ਰਮਈਆ = ਹੇ ਰਾਮ !
ਰੇਨੁ = ਚਰਨ = ਧੂੜ ।
    ਪਾਵਉਂ, ਮੈਂ ਪਾ ਲਵਾਂ ।
ਮਿਲਿ = ਮਿਲ ਕੇ ।੧।ਰਹਾਉ ।
ਮੂੜ = ਮੂਰਖ ।
ਤੇ = ਤੋਂ ।
ਬਕਤਾ = ਚੰਗਾ ਬੋਲਣ ਵਾਲਾ ।
ਬੇਸੁਰਤ = ਬੇਸਮਝ ।
ਸੁਰਤਾ = ਸਮਝ ਵਾਲਾ ।
ਪਰਸਾਦਿ = ਕਿਰਪਾ ਨਾਲ ।
ਨਵੈ ਨਿਧਿ = ਨੌ ਹੀ ਖ਼ਜ਼ਾਨੇ ।
ਪਾਈ = ਪਾਈਂ, ਮੈਂ ਹਾਸਲ ਕਰਦਾ ਹਾਂ ।੨ ।
ਕੀਨੀ = ਕੀਤੀ ।
ਸਿਮਰਉ = ਮੈਂ ਸਿਮਰਦਾ ਹਾਂ ।
ਰੈਨਿ = ਰਾਤ ।
ਗਿਰਾਸਾ = ਗਿਰਾਹੀ ।੩ ।
ਸਿਲਕ = ਫਾਹੀ ।
ਬਿਖੁ = ਜ਼ਹਰ ।
ਖਾਟੀ = (ਕਟੁ) ਕੌੜੀ ।
ਇਸ ਤੇ = ਇਸ ਜੀਵ ਪਾਸੋਂ (ਲਫ਼ਜ਼ ‘ਇਸੁ’ ਦਾ ੁ ਸੰਬੰਧਕ ‘ਤੇ’ ਦੇ ਕਾਰਨ ਉਡ ਗਿਆ ਹੈ) ।
ਸਾਲਾਹੀ = ਮੈਂ ਸਾਲਾਹੁੰਦਾ ਹਾਂ ।੪ ।
    
Sahib Singh
ਹੇ ਸੋਹਣੇ ਰਾਮ! (ਕਿਰਪਾ ਕਰ) ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ, ਤੇ ਗੁਰੂ ਨੂੰ ਮਿਲ ਕੇ (ਤੈਨੂੰ) ਆਪਣੇ ਖਸਮ ਨੂੰ ਸਿਮਰਦਾ ਰਹਾਂ ।੧।ਰਹਾਉ ।
(ਹੇ ਭਾਈ!) ਜਿਸ (ਪ੍ਰਭੂ) ਨੇ ਮਿੱਟੀ ਤੋਂ (ਮੇਰਾ) ਅਮੋਲਕ ਮਨੁੱਖਾ ਸਰੀਰ ਬਣਾ ਦਿੱਤਾ ਹੈ, ਜਿਸ ਨੇ ਜਤਨ ਕਰ ਕੇ ਮਾਂ ਦੇ ਪੇਟ ਵਿਚ ਮੇਰੀ ਰੱਖਿਆ ਕੀਤੀ ਹੈ, ਜਿਸ ਨੇ ਮੈਨੂੰ ਸੋਭਾ ਦਿੱਤੀ ਹੈ ਵਡਿਆਈ ਬਖ਼ਸ਼ੀ ਹੈ, ਉਸ ਪ੍ਰਭੂ ਨੂੰ ਮੈਂ (ਉਸ ਦੀ ਮਿਹਰ ਨਾਲ) ਅੱਠੇ ਪਹਰ ਸਿਮਰਦਾ ਹਾਂ ।੧ ।
(ਹੇ ਭਾਈ!) ਜਿਸ (ਪ੍ਰਭੂ) ਨੇ (ਮੈਨੂੰ) ਮੂਰਖ-ਅੰਞਾਣ ਤੋਂ ਸੁੰਦਰ ਬੋਲ ਬੋਲਣ ਵਾਲਾ ਬਣਾ ਦਿੱਤਾ ਹੈ, ਜਿਸ ਨੇ (ਮੈਨੂੰ) ਬੇਸਮਝ ਤੋਂ ਸਮਝਦਾਰ ਬਣਾ ਦਿੱਤਾ ਹੈ, ਜਿਸ (ਪ੍ਰਭੂ) ਦੀ ਕਿਰਪਾ ਨਾਲ ਮੈਂ (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ ਹਾਸਲ ਕਰ ਰਿਹਾ ਹਾਂ, ਉਹ ਪ੍ਰਭੂ ਮੇਰੇ ਮਨ ਤੋਂ ਭੁੱਲਦਾ ਨਹੀਂ ਹੈ ।੨ ।
(ਹੇ ਭਾਈ!) ਜਿਸ (ਕਰਤਾਰ) ਨੇ (ਮੈਨੂੰ) ਨਿਥਾਵੇਂ ਨੂੰ ਥਾਂ ਦਿੱਤਾ ਹੈ, ਜਿਸ ਨੇ (ਮੈਨੂੰ) ਨਿਮਾਣੇ ਨੂੰ ਮਾਣ-ਆਦਰ ਬਖ਼ਸ਼ਿਆ ਹੈ, ਜਿਸ (ਕਰਤਾਰ) ਨੇ ਮੇਰੀ ਹਰੇਕ ਆਸ (ਹੁਣ ਤਕ) ਪੂਰੀ ਕੀਤੀ ਹੈ, ਉਸ ਨੂੰ ਮੈਂ ਦਿਨ ਰਾਤ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਸਿਮਰਦਾ ਰਹਿੰਦਾ ਹਾਂ ।੩ ।
ਹੇ ਨਾਨਕ! ਆਖ—(ਹੇ ਭਾਈ!) ਜਿਸ (ਪ੍ਰਭੂ) ਦੀ ਕਿਰਪਾ ਨਾਲ (ਮੇਰੇ ਗਲੋਂ) ਮਾਇਆ (ਦੇ ਮੋਹ) ਦੀ ਫਾਹੀ ਕੱਟੀ ਗਈ ਹੈ, (ਜਿਸ ਦੇ ਭੇਜੇ) ਗੁਰੂ ਦੀ ਕਿਰਪਾ ਨਾਲ (ਮੈਨੂੰ) ਅੰਮਿ੍ਰਤ (ਵਰਗੀ ਮਿੱਠੀ ਲੱਗਣ ਵਾਲੀ ਮਾਇਆਹੁਣ) ਕੌੜੀ ਜ਼ਹਰ ਭਾਸ ਰਹੀ ਹੈ, ਮੈਂ ਉਸ ਰੱਖਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ (ਨਹੀਂ ਤਾਂ) ਇਸ ਜੀਵ ਦੇ ਵੱਸ ਕੁਝ ਨਹੀਂ ਕਿ (ਕਿ ਆਪਣੇ ਉੱਦਮ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੇ) ।੪।੬।੭੫ ।
Follow us on Twitter Facebook Tumblr Reddit Instagram Youtube