ਗਉੜੀ ਗੁਆਰੇਰੀ ਮਹਲਾ ੫ ॥
ਕਈ ਜਨਮ ਭਏ ਕੀਟ ਪਤੰਗਾ ॥
ਕਈ ਜਨਮ ਗਜ ਮੀਨ ਕੁਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥
ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥

ਮਿਲੁ ਜਗਦੀਸ ਮਿਲਨ ਕੀ ਬਰੀਆ ॥
ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥

ਕਈ ਜਨਮ ਸੈਲ ਗਿਰਿ ਕਰਿਆ ॥
ਕਈ ਜਨਮ ਗਰਭ ਹਿਰਿ ਖਰਿਆ ॥
ਕਈ ਜਨਮ ਸਾਖ ਕਰਿ ਉਪਾਇਆ ॥
ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥

ਸਾਧਸੰਗਿ ਭਇਓ ਜਨਮੁ ਪਰਾਪਤਿ ॥
ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
ਤਿਆਗਿ ਮਾਨੁ ਝੂਠੁ ਅਭਿਮਾਨੁ ॥
ਜੀਵਤ ਮਰਹਿ ਦਰਗਹ ਪਰਵਾਨੁ ॥੩॥

ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥
ਅਵਰੁ ਨ ਦੂਜਾ ਕਰਣੈ ਜੋਗੁ ॥
ਤਾ ਮਿਲੀਐ ਜਾ ਲੈਹਿ ਮਿਲਾਇ ॥
ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥

Sahib Singh
ਕੀਟ = ਕੀੜੇ ।
ਗਜ = ਹਾਥੀ ।
ਮੀਨ = ਮੱਛੀ ।
ਕੁਰੰਗ = ਹਿਰਨ ।
ਪੰਖੀ = ਪੰਛੀ ।
ਸਰਪ = ਸੱਪ ।
ਹੈਵਰ = {ਹਯ = ਵਰ} ਵਧੀਆ ਘੋੜੇ ।
ਬਿ੍ਰਖ = {ਵã—} ਬਲਦ ।
ਜੋਇਓ = ਜੋਇਆ ਗਿਆ, ਜੋਤਿਆ ਗਿਆ ।੧ ।
ਜਗਦੀਸ = ਜਗਤ ਦੇ ਮਾਲਕ ਪ੍ਰਭੂ ਨੂੰ ।
ਬਰੀਆ = ਵਾਰੀ, ਸਮਾ ।
ਦੇਹ = ਸਰੀਰ ।
ਸੰਜਰੀਆ = ਮਿਲੀ ਹੈ ।੧।ਰਹਾਉ ।
ਸੈਲ = ਪੱਥਰ ।
ਗਿਰਿ = ਪਹਾੜ ।
ਹਿਰਿ ਖਰਿਆ = ਛਣ ਗਏ, ਡਿੱਗ ਗਏ ।
ਸਾਖ = ਸ਼ਾਖਾ, ਬਨਸਪਤੀ ।
ਕਰਿ = ਬਣਾ ਕੇ ।੨ ।
ਸੰਗਿ = ਸੰਗਤਿ ਵਿਚ (ਆ) ।
ਭਜੁ = ਭਜਨ ਕਰ ।
ਮਰਹਿ = ਜੇ ਤੂੰ (ਆਪਾ = ਭਾਵ ਵਲੋਂ) ਮਰੇਂ ।੩ ।
ਤੁਝ ਤੇ = ਤੇਰੇ ਪਾਸੋਂ (ਹੇ ਪ੍ਰਭੂ!) ਹੋਗੁ—ਹੋਵੇਗਾ ।
ਕਰਣੈ ਜੋਗੁ = ਕਰਨ ਦੀ ਸਮਰੱਥਾ ਵਾਲਾ ।੪ ।
    
Sahib Singh
(ਹੇ ਭਾਈ!) ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ, ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ ।੧।ਰਹਾਉ।(ਹੇ ਭਾਈ!) ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ, ਕਈ ਜਨਮਾਂ ਵਿਚ ਹਾਥੀ ਮੱਛ ਹਿਰਨ ਬਣਦਾ ਰਿਹਾ ।
ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ।੧ ।
(ਹੇ ਭਾਈ!) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ, ਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ ।
ਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ (ਇਸ ਤ੍ਰਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ ।੨ ।
(ਹੇ ਭਾਈ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ, ਸਾਧ ਸੰਗਤਿ ਵਿਚ (ਆ), ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ ।
ਮਾਣ, ਝੂਠ ਤੇ ਅਹੰਕਾਰ ਛੱਡ ਦੇਹ ।
ਤੂੰ (ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ ।੩ ।
ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ) ਆਖ—(ਹੇ ਪ੍ਰਭੂ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ ।
(ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ ।
ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ, ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ ।੪।੩।੭੨ ।

ਨੋਟ: ਇਥੇ ਗਿਣਤੀ ਦਾ ਅਸਲ ਨੰਬਰ ੭੩ ਚਾਹੀਦਾ ਹੈ ।
Follow us on Twitter Facebook Tumblr Reddit Instagram Youtube