ਗਉੜੀ ਮਾਝ ਮਹਲਾ ੪ ॥
ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥
ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥
ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥
ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥

ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥
ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥
ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥
ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥

ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥
ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥
ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥
ਵਡਭਾਗੀ ਜਪਿ ਨਾਉ ਜੀਉ ॥੩॥

ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥
ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥
ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥
ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥

Sahib Singh
ਮੈ = ਮੈਨੂੰ ।
ਹਰਿ ਨਾਮ ੈ ਬਿਰਹੁ = ਹਰਿ = ਨਾਮ ਦੀ ਸਿੱਕ ।
ਮਿਤੁ = ਮਿੱਤਰ ।
ਪਾਈ = ਪਾਈਂ, ਮੈਂ ਪਾਂਦਾ ਹਾਂ ।
ਦੇਖਿ = ਵੇਖ ਕੇ ।
ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੈਂ ਜੀਊ ਪੈਂਦਾ ਹਾਂ ।
ਮਾਈ = ਹੇ ਮਾਂ !
ਸਖਾ = ਮਿੱਤਰ ।੧ ।
ਸੰਤ ਜੀਉ = ਹੇ ਸੰਤ ਜੀ !
ਕੇਰੇ = ਦੇ ।
ਜਪਿ = ਜਪ ਕੇ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
ਜੀਉ = ਹੇ ਜੀ !
ਬਹੁੜਿ = ਮੁੜ ।
ਭਵਜਲ ਫੇਰੇ = ਸੰਸਾਰ = ਸਮੁੰਦਰ ਦੇ ਗੇੜ ।੨ ।
ਮਨਿ = ਮਨ ਵਿਚ ।
ਤਨਿ = ਹਿਰਦੇ ਵਿਚ ।
ਭਾਉ = ਪ੍ਰੇਮ ।
ਵਡਭਾਗੀ = ਵੱਡੇ ਭਾਗਾਂ ਨਾਲ ।੩ ।
ਪਾਸਾ = ਜੋ ਮੇਰੇ ਪਾਸ ਹੀ ਹੈ, ਮੇਰੇ ਨਾਲ ਹੀ ਹੈ ।
ਪੂਰਿਅੜੀ = ਪੂਰੀ ਹੋ ਜਾਂਦੀ ਹੈ ।੪ ।
    
Sahib Singh
(ਹੇ ਸੰਤ ਜਨੋ!) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ, ਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ ।
ਹੇ ਮਾਂ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ।
(ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ ।੧।ਹੇ ਸੰਤ ਜਨੋ! ਤੁਸੀ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ, ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ ।
(ਹੇ ਸੰਤ ਜਨੋ!) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ ।
(ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੁੰਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ ।੨ ।
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸਨ ਕਰ ਸਕਾਂ ।
ਹੇ ਸੰਤ ਜਨੋ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ ।
(ਹੇ ਸੰਤ ਜਨੋ!) ਗੁਰੂ ਦੇ ਸ਼ਬਦ ਦੀ ਰਾਹੀਂ ਵੱਡੇ ਭਾਗਾਂ ਨਾਲ ਹਰਿ-ਨਾਮ ਜਪ ਕੇ ਹੀ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ ।੩ ।
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ ।
ਹੇ ਸੰਤ ਜਨੋ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ ।
ਹੇ ਦਾਸ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ (ਜਿਸ ਨੂੰ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ ।੪।੫।੩੧।੬੯ ।
Follow us on Twitter Facebook Tumblr Reddit Instagram Youtube