ਗਉੜੀ ਮਾਝ ਮਹਲਾ ੪ ॥
ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥
ਹਰਿ ਆਪੇ ਕਾਨ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥
ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥
ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥

ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥
ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥
ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥

ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥
ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥
ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥
ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥

ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥
ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥
ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥
ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥

Sahib Singh
ਚੋਜੀ = ਮੌਜੀ, ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ ।
ਕਾਨ@ü = ਕਿ੍ਰਸ਼ਨ ।
ਗੋਪੀ = ਗਵਾਲਣ ।
ਖੋਜੀ = (ਕਿ੍ਰਸ਼ਨ ਨੂੰ) ਲੱਭਣ ਵਾਲੀ ।
ਸਭ ਘਟ = ਸਾਰੇ ਸਰੀਰ ।
ਰਸੀਆ = ਮਾਇਕ ਪਦਾਰਥਾਂ ਦੇ ਰਸ ਲੈਣ ਵਾਲਾ ।
ਭੋਗੀ = ਪਦਾਰਥਾਂ ਨੂੰ ਭੋਗਣ ਵਾਲਾ ।
ਸੁਜਾਣੁ = ਬਹੁਤ ਸਿਆਣਾ ।
ਜੋਗੀ = ਭੋਗਾਂ ਤੋਂ ਵਿਰਕਤ ।੧ ।
ਬਹੁ ਰੰਗੀ = ਅਨੇਕਾਂ ਰੰਗਾਂ ਵਿਚ ।
ਇਕਿ = (ਲਫ਼ਜ਼ ‘ਇਕ’ ਤੋਂ ਬਹੁ-ਵਚਨ) ।
ਫਿਰਹਿ = ਫਿਰਦੇ ਹਨ ।
ਸਭ ਮੰਗੀ = ਸਾਰੀ ਲੁਕਾਈ ਮੰਗਦੀ ਹੈ ।
ਆਧਾਰੁ = ਆਸਰਾ ।
ਮੰਗਹਿ = ਮੰਗਦੇ ਹਨ ।੨ ।
ਲੋਚ = ਤਾਂਘ ।
ਮਨਿ = ਮਨ ਵਿਚ ।
ਜਲਿ = ਜਲ ਵਿਚ ।
ਥਲਿ = ਧਰਤੀ ਵਿਚ ।
ਰਵਿ ਰਹਿਆ = ਰਮਿ ਰਹਿਆ, ਵਿਆਪਕ ।
ਆਤਮ ਰਾਮੁ = ਸਰਬ = ਵਿਆਪਕ ਆਤਮਾ ।
ਹਦੂਰੀ = ਹਾਜ਼ਰ = ਨਾਜ਼ਰ ਹੋ ਕੇ ।੩ ।
ਪਉਣੁ = ਹਵਾ, ਪ੍ਰਾਣ ।
ਵਾਜੇ = (ਜੀਵ) ਵੱਜਦਾ ਹੈ ।
ਨਿਧਾਨੁ = ਖ਼ਜ਼ਾਨਾ ।
ਗਾਜੈ = ਪਰਗਟ ਹੁੰਦਾ ਹੈ ।
ਭਗਤ = (ਨੋਟ: = ਲਫ਼ਜ਼ ‘ਭਗਤਿ’ ਅਤੇ ‘ਭਗਤ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ) ।
ਰਾਖੁ = ਰਾਖਾ ।
ਰਾਖੁ ਲਾਜੈ = ਲਾਜ ਦਾ ਰਾਖਾ ।
ਨਾਮਿ = ਨਾਮ ਦੀ ਰਾਹੀਂ ।
ਸਿਧਿ = ਸਿੱਧੀ, ਸਫਲਤਾ ।
ਸਿਧਿ ਕਾਜੈ = ਕਾਜ ਦੀ ਸਿੱਧੀ, ਮਨੁੱਖਾ ਜਨਮ ਦੇ ਮਨੋਰਥ ਦੀ ਕਾਮਯਾਬੀ ।੪ ।
    
Sahib Singh
ਹੇ ਮੇਰੇ ਪਿਆਰੇ! ਹੇ ਮੇਰੇ ਗੋਵਿੰਦ! ਤੂੰ ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ ਮੇਰਾ ਹਰਿ-ਪ੍ਰਭੂ ਹੈਂ ।
ਹਰੀ ਆਪ ਹੀ ਕਿ੍ਰਸ਼ਨ ਨੂੰ ਪੈਦਾ ਕਰਨ ਵਾਲਾ ਹੈ, ਹਰੀ ਆਪ ਹੀ (ਕਿ੍ਰਸ਼ਨ ਨੂੰ) ਲੱਭਣ ਵਾਲੀ ਗਵਾਲਣ ਹੈ ।
ਸਭ ਸਰੀਰਾਂ ਵਿਚ ਵਿਆਪਕ ਹੋ ਕੇ ਹਰੀ ਆਪ ਹੀ ਸਭ ਪਦਾਰਥਾਂ ਨੂੰ ਭੋਗਦਾ ਹੈ, ਹਰੀ ਆਪ ਹੀ ਸਾਰੇ ਮਾਇਕ ਪਦਾਰਥਾਂ ਦੇ ਰਸ ਲੈਣ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ ।
(ਪਰ) ਹਰੀ ਬਹੁਤ ਸਿਆਣਾ ਹੈ, (ਸਭ ਪਦਾਰਥਾਂ ਨੂੰ ਭੋਗਣ ਵਾਲਾ ਹੁੰਦਿਆਂ ਭੀ ਉਹ) ਭੁੱਲਦਾ ਨਹੀਂ, ਉਹ ਹਰੀ ਆਪ ਹੀ ਭੋਗਾਂ ਤੋਂ ਨਿਰਲੇਪ ਸਤਿਗੁਰੂ ਹੈ ।੧ ।
ਹਰਿ-ਪ੍ਰਭੂ ਆਪ ਹੀ ਜਗਤ ਪੈਦਾ ਕਰਦਾ ਹੈ, ਹਰੀ ਆਪ ਹੀ ਅਨੇਕਾਂ ਰੰਗਾਂ ਵਿਚ (ਜਗਤ ਦਾ ਖੇਲ) ਖੇਲ ਰਿਹਾ ਹੈ ।
ਹਰੀ ਆਪ ਹੀ ਅਨੇਕਾਂ ਜੀਵਾਂ ਪਾਸੋਂ ਮਾਇਕ ਪਦਾਰਥਾਂ ਦੇ ਭੋਗ ਭੋਗਾਂਦਾ ਹੈ (ਭਾਵ, ਅਨੇਕਾਂ ਨੂੰ ਰੱਜਵੇਂ ਪਦਾਰਥ ਬਖ਼ਸ਼ਦਾ ਹੈ, ਪਰ) ਅਨੇਕਾਂ ਜੀਵ ਐਸੇ ਹਨ ਜੋ ਨੰਗੇ ਪਏ ਫਿਰਦੇ ਹਨ (ਜਿਨ੍ਹਾਂ ਦੇ ਤਨ ਉਤੇ ਕੱਪੜਾ ਭੀ ਨਹੀਂ) ।
ਹਰੀ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, ਸਾਰੀ ਲੁਕਾਈ ਉਸ ਪਾਸੋਂ ਮੰਗਦੀ ਰਹਿੰਦੀ ਹੈ, ਉਹ ਸਭਨਾਂ ਨੂੰ ਦਾਤਾਂ ਦੇਂਦਾ ਹੈ ।
ਉਸ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਉਸ ਦੇ ਨਾਮ ਦਾ ਹੀ ਆਸਰਾ ਹੈ, ਉਹ ਹਰੀ ਪਾਸੋਂ ਉਸ ਦੀ ਸ੍ਰੇਸ਼ਟ ਸਿਫ਼ਤਿ-ਸਾਲਾਹ ਹੀ ਮੰਗਦੇ ਹਨ ।੨ ।
ਹਰੀ ਆਪ ਹੀ (ਆਪਣੇ ਭਗਤਾਂ ਪਾਸੋਂ) ਆਪਣੀ ਭਗਤੀ ਕਰਾਂਦਾ ਹੈ, ਭਗਤਾਂ ਦੇ ਮਨ ਵਿਚ (ਪੈਦਾ ਹੋਈ ਭਗਤੀ ਦੀ) ਤਾਂਘ ਹਰੀ ਆਪ ਹੀ ਪੂਰੀ ਕਰਦਾ ਹੈ ।
ਜਲ ਵਿਚ, ਧਰਤੀ ਵਿਚ, (ਸਭ ਥਾਂ) ਹਰੀ ਆਪ ਹੀ ਵੱਸ ਰਿਹਾ ਹੈ, (ਸਭ ਜੀਵਾਂ ਵਿਚ) ਵਿਆਪਕ ਹੈ (ਕਿਸੇ ਜੀਵ ਤੋਂ ਉਹ ਹਰੀ) ਦੂਰ ਨਹੀਂ ਹੈ ।
ਸਭ ਜੀਵਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਹਰੀ ਆਪ ਹੀ ਵੱਸਦਾ ਹੈ, ਹਰ ਥਾਂ ਹਰੀ ਆਪ ਹੀ ਭਰਪੂਰ ਹੈ ।
ਸਰਬ-ਵਿਆਪਕਰਾਮ ਆਪ ਹੀ ਇਸ ਜਗਤ-ਖਿਲਾਰੇ ਨੂੰ ਖਿਲਾਰ ਰਿਹਾ ਹੈ, ਹਰੇਕ ਦੇ ਅੰਗ-ਸੰਗ ਰਹਿ ਕੇ ਹਰੀ ਆਪ ਹੀ ਸਭ ਦੀ ਸੰਭਾਲ ਕਰਦਾ ਹੈ ।੩ ।
ਸਭ ਜੀਵਾਂ ਦੇ ਅੰਦਰ ਪ੍ਰਾਣ-ਰੂਪ ਹੋ ਕੇ ਹਰੀ ਆਪ ਹੀ ਵਾਜਾ (ਵੱਜ ਰਿਹਾ) ਹੈ (ਹਰੇਕ ਜੀਵ ਪ੍ਰਭੂ ਦਾ, ਮਾਨੋ, ਵਾਜਾ ਹੈ) ਜਿਵੇਂ ਉਹ ਹਰੇਕ ਜੀਵ-ਵਾਜੇ ਨੂੰ ਵਜਾਂਦਾ ਹੈ ਤਿਵੇਂ ਹਰੇਕ ਜੀਵ-ਵਾਜਾ ਵੱਜਦਾ ਹੈ ।
ਹਰੇਕ ਜੀਵ ਦੇ ਅੰਦਰ ਹਰੀ ਦਾ ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰਭੂ (ਜੀਵ ਦੇ ਅੰਦਰ) ਪਰਗਟ ਹੁੰਦਾ ਹੈ ।
ਹਰੀ ਆਪ ਹੀ ਜੀਵ ਨੂੰ ਪ੍ਰੇਰ ਕੇ ਆਪਣੀ ਸਰਨ ਵਿਚ ਲਿਅਉਂਦਾ ਹੈ, ਹਰੀ ਆਪ ਹੀ ਭਗਤਾਂ ਦੀ ਇੱਜ਼ਤ ਦਾ ਰਾਖਾ ਬਣਦਾ ਹੈ (ਭਾਵ, ਭਗਤਾਂ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਬਚਾਂਦਾ ਹੈ) ।
ਹੇ ਦਾਸ ਨਾਨਕ! ਤੂੰ ਭੀ ਸੰਗਤਿ ਵਿਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ, ਤੇ) ਵੱਡੇ ਭਾਗਾਂ ਵਾਲਾ ਬਣ ।
ਨਾਮ ਦੀ ਬਰਕਤਿ ਨਾਲ ਹੀ ਜੀਵਨ-ਮਨੋਰਥ ਦੀ ਸਫਲਤਾ ਹੁੰਦੀ ਹੈ ।੪।੪।੩੦।੬੮ ।
Follow us on Twitter Facebook Tumblr Reddit Instagram Youtube