ਗਉੜੀ ਪੂਰਬੀ ਮਹਲਾ ੪ ॥
ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥
ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰ ਸਬਦੀ ਚਖਿ ਡੀਠਾ ॥੧॥

ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥੧॥ ਰਹਾਉ ॥

ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥
ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ ॥੨॥

ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥
ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥੩॥

ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥
ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥੪॥੯॥੨੩॥੬੧॥

Sahib Singh
ਗੜ = (ਸਰੀਰ = ) ਕਿਲ੍ਹਾ ।
ਰਾਇ = ਰਾਜਾ, ਪ੍ਰਕਾਸ਼ = ਰੂਪ ।
ਸਾਦੁ = ਸੁਆਦ, ਆਨੰਦ ।
ਧੀਠਾ = ਢੀਠ (ਮੁੜ ਮੁੜ ਵਿਕਾਰਾਂ ਵਲ ਪਰਤਣ ਦੀ ਜ਼ਿਦ ਕਰਨ ਵਾਲਾ) ।
ਦਇਆਲਿ = ਦਇਆਲ ਨੇ ।
ਅਨੁਗ੍ਰਹੁ = ਕਿਰਪਾ ।੧ ।
ਲਿਵ = ਲਗਨ ।੧।ਰਹਾਉ ।
ਅਗਮੁ = ਅਪਹੁੰਚ ।
ਅਗੋਚਰੁ = (ਅ = ਗੋ-ਚਰੁ ।
ਗੋ = ਗਿਆਨ = ਇੰਦ੍ਰੇ) ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਾ ਹੋ ਸਕੇ ।
ਮਿਲਿ = ਮਿਲ ਕੇ ।
ਲਾਗਿ = ਲੱਗ ਕੇ ।
ਬਸੀਠਾ = ਵਕੀਲ, ਵਿਚੋਲਾ ।
ਸੁਖਾਨੇ = ਪਿਆਰੇ ਲੱਗੇ ।
ਹੀਅਰੈ = ਹਿਰਦੇ ਵਿਚ ।
ਆਣਿ = ਲਿਆ ਕੇ ।
ਪਰੀਠਾ = ਪਰੋਸ ਧਰਿਆ ।੨ ।
ਹੀਅਰਾ = ਹਿਰਦਾ ।
ਕਠੋਰ = ਕਰੜਾ, ਨਿਰਦਈ ।
ਕਾਰ ਕਰੀਠਾ = ਕਾਲਖ ਹੀ ਕਾਲਖ ।
ਬਿਸੀਅਰ = ਸੱਪ ।
ਕਉ = ਨੂੰ ।
ਫੋਲਿ = ਫੋਲ ਕੇ ।੩ ।
ਪ੍ਰਭ = ਹੇ ਪ੍ਰਭੂ !
ਆਨਿ = ਲਿਆ ਕੇ ।
ਘਸਿ = ਘਸਾ ਕੇ ।
ਗਰੁੜੁ = ਸੱਪ ਦਾ ਜ਼ਹਿਰ ਦੂਰ ਕਰਨ ਵਾਲੀ ਦਵਾਈ ।
ਮੁਖਿ = ਮੂੰਹ ਵਿਚ ।
ਲੀਠਾ = ਚੂਸ ਲਈ ।
ਲਾਲੇ ਗੋਲੇ = ਗ਼ੁਲਾਮ ਸੇਵਕ ।
ਕਰੂਆ = ਕੌੜਾ ।੪ ।
    
Sahib Singh
(ਹੇ ਭਾਈ!) ਗੁਰੂ (ਦੇ ਚਰਨਾਂ ਵਿਚ) ਲਿਵ (ਲਾ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੋ ।
(ਦੁਨੀਆ ਦੇ ਸਭ ਰਸਾਂ ਨਾਲੋਂ ਇਹ ਰਸ) ਮਿੱਠਾ ਹੈ ।੧।ਰਹਾਉ।ਇਸ (ਸਰੀਰ-) ਕਿਲ੍ਹੇ ਵਿਚ (ਜਗਤ ਦਾ) ਰਾਜਾ ਹਰੀ-ਪਰਮਾਤਮਾ ਵੱਸਦਾ ਹੈ, (ਪਰ ਵਿਕਾਰਾਂ ਦੇ ਸੁਆਦਾਂ ਵਿਚ) ਢੀਠ ਹੋਏ ਮਨੁੱਖ ਨੂੰ (ਅੰਦਰ-ਵੱਸਦੇ ਪਰਮਾਤਮਾ ਦੇ ਮਿਲਾਪ ਦਾ ਕੋਈ) ਆਨੰਦ ਨਹੀਂ ਆਉਂਦਾ ।
ਜਿਸ ਮਨੁੱਖ ਉਤੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ-ਰਸ) ਚੱਖ ਕੇ ਵੇਖ ਲਿਆ ਹੈ (ਕਿ ਇਹ ਸਚ ਮੁਚ ਹੀ ਮਿੱਠਾ ਹੈ) ।੧ ।
ਜੇਹੜਾ ਹਰੀ-ਪਾਰਬ੍ਰਹਮ ਅਪਹੁੰਚ ਹੈ ਜਿਸ ਤਕ ਮਨੁੱਖ ਦੇ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਹਰੀ-ਪ੍ਰਭੂ ਗੁਰੂ ਨੂੰ ਮਿਲ ਕੇ ਗੁਰੂ-ਵਕੀਲ ਦੀ ਚਰਨੀਂ ਲੱਗ ਕੇ (ਹੀ ਮਿਲਦਾ ਹੈ) ।
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਬਚਨ ਹਿਰਦੇ ਵਿਚ ਪਿਆਰੇ ਲੱਗਦੇ ਹਨ, ਗੁਰੂ ਉਹਨਾਂ ਦੇ ਅੱਗੇ (ਪਰਮਾਤਮਾ ਦਾ ਨਾਮ-ਅੰਮਿ੍ਰਤ) ਲਿਆ ਕੇ ਪਰੋਸ ਦੇਂਦਾ ਹੈ ।੨ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਉਹਨਾਂ ਦੇ ਅੰਦਰ (ਵਿਕਾਰਾਂ ਦੀ) ਕਾਲਖ ਹੀ ਕਾਲਖ ਹੁੰਦੀ ਹੈ ।
ਸੱਪ ਨੂੰ ਕਿਤਨਾ ਹੀ ਦੁੱਧ ਪਿਲਾਈ ਜਾਈਏ ਪਰ ਉਸ ਦਾ ਅੰਦਰ ਫੋਲਿਆਂ ਜ਼ਹਰ ਹੀ ਨਿਕਲਦਾ ਹੈ (ਇਹੀ ਹਾਲਤ ਮਨਮੁਖ ਦੀ ਹੁੰਦੀ ਹੈ) ।੩ ।
ਹੇ ਹਰੀ! ਹੇ ਪ੍ਰਭੂ! (ਮਿਹਰ ਕਰ) ਮੈਨੂੰ ਸਾਧੂ ਗੁਰੂ ਲਿਆ ਕੇ ਮਿਲਾ, ਮੈਂ ਗੁਰੂ ਦਾ ਸ਼ਬਦ ਆਪਣੇ ਮੂੰਹ ਵਿਚ ਵਸਾਵਾਂ ਤੇ ਮੇਰੇ ਅੰਦਰੋਂ ਵਿਕਾਰਾਂ ਦੀ ਜ਼ਹਰ ਦੂਰ ਹੋਵੇ ਜਿਵੇਂ ਸੱਪ ਦਾ ਜ਼ਹਰ ਦੂਰ ਕਰਨ ਵਾਲੀ ਬੂਟੀ ਘਸਾ ਕੇ ਮੂੰਹ ਵਿਚ ਚੂਸਿਆਂ ਸੱਪ ਦਾ ਜ਼ਹਰ ਉਤਰਦਾ ਹੈ ।
ਹੇ ਦਾਸ ਨਾਨਕ! (ਆਖ—ਅਸੀ) ਗੁਰੂ ਦੇ ਗ਼ੁਲਾਮ ਹਾਂ ਸੇਵਕ ਹਾਂ, ਗੁਰੂ ਦੀ ਸੰਗਤਿ ਵਿਚ ਬੈਠਿਆਂ ਕੌੜਾ (ਸੁਭਾਉ) ਮਿੱਠਾ ਹੋ ਜਾਂਦਾ ਹੈ ।੪।੯।੨੩।੬੧ ।
Follow us on Twitter Facebook Tumblr Reddit Instagram Youtube