ਗਉੜੀ ਪੂਰਬੀ ਮਹਲਾ ੪ ॥
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥
ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥

ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥

Sahib Singh
ਕਾਮਿ = ਕਾਮ ਨਾਲ ।
ਕਰੋਧਿ = ਕ੍ਰੋਧ ਨਾਲ ।
ਨਗਰੁ = ਸਰੀਰ = ਨਗਰ ।
ਸਾਧੂ = ਗੁਰੂ ।
ਖੰਡਲ = ਟੋਟੇ, ਅੰਸ਼ (ਖਫ਼ਡਲ—ੳ ਪਇਚੲ) ।
ਖੰਡਾ = ਨਾਸ ਕਰ ਦਿੱਤਾ ।
ਪੂਰਬਿ = ਪੂਰਬਲੇ ਜਨਮ ਵਿਚ ।
ਮਨਿ = ਮਨ ਵਿਚ ।
ਮੰਡਲ = ਰੌਸ਼ਨੀ ਦੇ ਚੱਕਰ (ਜਿਵੇਂ ਸੂਰਜ ਤੇ ਚੰਦ ਦੇ ਦੁਆਲੇ ਦਾ ਚੱਕਰ) ।
ਮੰਡਾ = ਸਜਾਇਆ ।੧ ।
ਅੰਜੁਲੀ = {ਅਜ਼ਜਲਿ: ਬੁੱਕ ।
ਅਜ਼ਜਲਿ ø = ਦੋਵੇਂ ਹੱਥ ਜੋੜ ਕੇ ਨਮਸਕਾਰ ਕਰਨ ਲਈ ਸਿਰ ਤਕ ਅਪੜਾਣੇ} ਹੱਥ ਜੋੜ ਕੇ ਅਰਦਾਸ ।
ਪੁੰਨੁ = ਭਲਾਈ, ਭਲਾ ਕੰਮ ।
ਡੰਡਉਤ = (ਦਫ਼ਡਵਤੱ) ਡੰਡੇ ਵਾਂਗ ਸਿੱਧੇ ਲੇਟ ਕੇ ਪਰਨਾਣ ।੧।ਰਹਾਉ ।
ਸਾਕਤ = ਰੱਬ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ ਜੀਵ ।
ਚਲਹਿ = ਚਲਦੇ ਹਨ ।
ਜਮਕਾਲੁ = ਮੌਤ, ਆਤਮਕ ਮੌਤ ।
ਸਿਰਿ = ਸਿਰ ਉਤੇ ।੨ ।
ਨਾਮਿ = ਨਾਮ ਵਿਚ ।
ਭਵ = ਸੰਸਾਰ, ਸੰਸਾਰ = ਸਮੁੰਦਰ ।
ਸੋਭ = ਸੋਭਾ ।
ਖੰਡ = ਹਿੱਸਾ ।੩ ।
ਮਸਕੀਨ = ਆਜਿਜ਼ ।
ਆਧਾਰੁ = ਆਸਰਾ ।
ਮੰਡਾ = ਮਿਲਦਾ ।੪ ।
    
Sahib Singh
(ਹੇ ਭਾਈ!) ਗੁਰੂ ਅੱਗੇ ਹੱਥ ਜੋੜ ਕੇ ਨਮਸਕਾਰ ਕਰ, ਇਹ ਵੱਡਾ ਨੇਕ ਕੰਮ ਹੈ ।
ਗੁਰੂ ਅੱਗੇ ਡੰਡਉਤ ਕਰ, ਇਹ ਬੜਾ ਭਲਾ ਕੰਮ ਹੈ ।੧ ।
(ਹੇ ਭਾਈ!) ਇਹ ਸਰੀਰ-ਨਗਰ ਕਾਮ ਕ੍ਰੋਧ ਨਾਲ ਬਹੁਤ ਭਰਿਆ ਰਹਿੰਦਾ ਹੈ (ਗੰਦਾ ਹੋਇਆ ਰਹਿੰਦਾ ਹੈ), ਗੁਰੂ ਨੂੰ ਮਿਲ ਕੇ (ਕਾਮ ਕ੍ਰੋਧ ਆਦਿਕ ਦੇ) ਸਾਰੇ ਅੰਸ਼ ਨਾਸ ਕਰ ਲਏ ਜਾਂਦੇ ਹਨ ।
ਪੂਰਬਲੇ ਜਨਮ ਵਿਚ (ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜਿਸ ਮਨੁੱਖ ਦੇ ਮੱਥੇ ਉਤੇ) ਲੇਖ ਲਿਖੇ ਜਾਂਦੇ ਹਨ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਤੇ ਉਸ ਦੇ ਮਨ ਵਿਚ ਹਰਿ-ਚਰਨਾਂ ਵਿਚ ਸੁਰਤਿ ਜੁੜਨ ਦੀ ਬਰਕਤਿ ਨਾਲ ਆਤਮਕ ਰੌਸ਼ਨੀ ਦੀ ਸਜਾਵਟ ਹੋ ਜਾਂਦੀ ਹੈ ।੧ ।
ਮਾਇਆ-ਵੇੜ੍ਹੇ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਦਾ ਸੁਆਦ ਨਹੀਂ ਜਾਣਦੇ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ (ਟਿਕਿਆ ਰਹਿੰਦਾ) ਹੈ ।
ਉਹ ਮਨੁੱਖ ਜਿਉਂ ਜਿਉਂ (ਜੀਵਨ-ਮਾਰਗ ਵਿਚ) ਚਲਦੇ ਹਨ ਤਿਉਂ ਤਿਉਂ(ਉਹ ਹਉਮੈ ਦਾ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁਖ ਪਾਂਦੇ ਹਨ, ਉਹ ਆਪਣੇ ਸਿਰ ਉਤੇ ਆਤਮਕ ਮੌਤ-ਰੂਪ ਡੰਡਾ (ਡੰਡੇ ਦੀ ਚੋਟ) ਸਹਾਰਦੇ ਰਹਿੰਦੇ ਹਨ ।੨ ।
ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁਖ ਸੰਸਾਰ-ਸਮੁੰਦਰ (ਦੇ ਵਿਕਾਰਾਂ) ਦਾ ਦੁਖ ਨਾਸ ਹੋ ਜਾਂਦਾ ਹੈ ।
ਉਹਨਾਂ ਨੂੰ ਨਾਸ-ਰਹਿਤ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ, ਤੇ ਬ੍ਰਹਮੰਡ ਦੇ ਸਾਰੇ ਖੰਡਾਂ ਵਿਚ ਉਹਨਾਂ ਦੀ ਬਹੁਤ ਸੋਭਾ ਹੁੰਦੀ ਹੈ ।੩ ।
ਹੇ ਪ੍ਰਭੂ! ਹੇ ਹਰੀ! ਅਸੀ ਜੀਵ ਗ਼ਰੀਬ ਹਾਂ, ਆਜਿਜ਼ ਹਾਂ, ਤੇਰੇ ਹਾਂ, ਤੂੰ ਸਾਡਾ ਸਭ ਤੋਂ ਵੱਡਾ ਆਸਰਾ ਹੈਂ, ਸਾਡੀ ਰੱਖਿਆ ਕਰ ।
ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ (ਜ਼ਿੰਦਗੀ ਦਾ) ਆਸਰਾ ਸਹਾਰਾ ਬਣਾਇਆ ਹੈ, ਉਹ ਪਰਮਾਤਮਾ ਦੇ ਨਾਮ ਵਿਚ ਹੀ ਸਦਾ ਆਤਮਕ ਆਨੰਦ ਮਾਣਦਾ ਹੈ ।੪।੮।੨੨।੬੦ ।
Follow us on Twitter Facebook Tumblr Reddit Instagram Youtube