ਗਉੜੀ ਪੂਰਬੀ ਮਹਲਾ ੪ ॥
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥

ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥

ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥

ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥
ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥

ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥
ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥

Sahib Singh
ਦਇਆਲ = (ਦਇਆ—ਆਲਯ) ਦਇਆ ਦਾ ਘਰ ।
ਸਰਬ = ਸਾਰੇ ।
ਭੰਜਨ = ਨਾਸ ਕਰਨਾ ।
ਬਿਨਉ = ਬੇਨਤੀ (ਵਿਨਯ) ।
ਦੇ ਕਾਨੇ = ਕੰਨ ਦੇ ਕੇ, ਧਿਆਨ ਨਾਲ ।
ਜਿਸ ਤੇ = ਜਿਸ (ਗੁਰੂ) ਪਾਸੋਂ ।
ਜਾਨੇ = ਜਾਣ = ਪਛਾਣ ਹੁੰਦੀ ਹੈ ।
ਪ੍ਰਾਨੇ = ਪ੍ਰਾਣ, ਜਿੰਦ ।੧ ।
ਕਰਿ = ਕਰ ਕੇ, (ਬਰਾਬਰ ਦਾ) ਕਰ ਕੇ ।
ਮਾਨੇ = ਮੰਨਿਆ ਹੈ ।
ਅਸੁਧ = ਮੈਲੀ ।
ਮੁਗਧ = ਮੂਰਖ ।੧।ਰਹਾਉ ।
ਅਨ = (ਅਂਯ) ਹੋਰ ਹੋਰ ।
ਮਿਲਿ = ਮਿਲ ਕੇ ।
ਗਾਨੇ = ਗੰਨਾ ।੨ ।
ਭੇਟਿਆ = ਮਿਲਿਆ ।
ਦਿਵਾਨੇ = ਝੱਲੇ, ਕਮਲੇ ।
ਹੀਨ = ਨੀਚ, ਨੀਵੇਂ ।
ਧੁਰਿ = ਧੁਰ ਤੋਂ ।
ਮੋਹਿ = ਮੋਹ ਵਿਚ ।
ਪਚਾਨੇ = ਸੜਦੇ ਹਨ ।੩ ।
ਪ੍ਰਗਟੇ = ਪਰਗਟ ਹੋਏ, ਉੱਘੜ ਪਏ, ਚਮਕ ਪਏ ।
ਨਾਮਿ = ਨਾਮ ਵਿਚ ।੪ ।
    
Sahib Singh
(ਹੇ ਭਾਈ!) ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ ।
ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ।੧।ਰਹਾਉ ।
ਹੇ (ਜੀਵਾਂ ਦੇ) ਸਾਰੇ ਦੁਖ ਨਾਸ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਘਰ ਹੈਂ, ਮੇਰੀ ਇਕ ਅਰਜ਼ੋਈ ਧਿਆਨ ਨਾਲ ਸੁਣ ।
ਮੈਨੂੰ ਉਹ ਸਤਿਗੁਰੂ ਮਿਲਾ ਜੋ ਮੇਰੀ ਜਿੰਦ (ਦਾ ਸਹਾਰਾ) ਹੈ, ਜਿਸ ਦੀ ਕਿਰਪਾ ਤੋਂ ਤੇਰੇ ਨਾਲ ਡੂੰਘੀ ਸਾਂਝ ਪੈਂਦੀ ਹੈ ।੧।ਜਗਤ ਦੇ ਜਿਤਨੇ ਭੀ ਹੋਰ ਹੋਰ (ਕਿਸਮ ਦੇ) ਰਸ ਹਨ, ਮੈਂ ਵੇਖ ਲਏ ਹਨ, ਉਹ ਸਾਰੇ ਹੀ ਫਿੱਕੇ ਹਨ ਫਿੱਕੇ ਹਨ ।
ਗੁਰੂ ਨੂੰ ਮਿਲ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ, ਉਹ ਰਸ ਮਿੱਠਾ ਹੈ ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ ।੨ ।
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਦਾ, ਉਹ ਮੂਰਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਹਨ ।
(ਪਰ ਉਹਨਾਂ ਦੇ ਭੀ ਕੀਹ ਵੱਸ?) ਧੁਰੋਂ (ਪਰਮਾਤਮਾ ਨੇ) ਉਹਨਾਂ ਦੇ ਭਾਗਾਂ ਵਿਚ (ਇਹ) ਨੀਵੇਂ ਕੰਮ ਹੀ ਪਾ ਦਿੱਤੇ ਹਨ, ਉਹ ਮਾਇਆ ਦੇ ਮੋਹ ਵਿਚ ਇਉਂ ਸੜਦੇ ਰਹਿੰਦੇ ਹਨ ਜਿਵੇਂ ਦੀਵੇ ਨੂੰ ਵੇਖ ਕੇ (ਪਤੰਗੇ) ।੩ ।
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮਿਹਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲਾਂਦਾ ਹੈਂ, ਉਹ, ਹੇ ਹਰੀ! ਤੇਰੀ ਸੇਵਾ-ਭਗਤੀ ਵਿਚ ਲਗੇ ਰਹਿੰਦੇ ਹਨ ।
ਹੇ ਦਾਸ ਨਾਨਕ! ਉਹ ਪਰਮਾਤਮਾ ਦਾ ਨਾਮ ਜਪ ਜਮ ਕੇ ਚਮਕ ਪੈਂਦੇ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ।੪।੪।੧੮।੫੬ ।
Follow us on Twitter Facebook Tumblr Reddit Instagram Youtube