ਗਉੜੀ ਪੂਰਬੀ ਮਹਲਾ ੪ ॥
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥

ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥

ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥

ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥

ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥

Sahib Singh
ਜਗਜੀਵਨ = ਹੇ ਜਗਤ ਦੇ ਜੀਵਨ !
ਅਪਰੰਪਰ = ਪਰੇ ਤੋਂ ਪਰੇ ।
ਜਗਦੀਸੁਰ = (ਜਗਤੱ ੲLÓਵਰ) ਹੇ ਜਗਤ ਦੇ ਈਸ਼ਵਰ !
ਬਿਧਾਤੇ = ਹੇ ਸਿਰਜਣਹਾਰ !
ਜਿਤੁ = ਜਿਸ ਵਿਚ ।
ਮਾਰਗਿ = ਰਸਤੇ ਵਿਚ ।
ਜਿਤੁ ਮਾਰਗਿ = ਜਿਸ ਰਾਹ ਉੱਤੇ ।੧ ।
ਸੇਤੀ = ਨਾਲ ।
ਰਾਤੇ = ਰੰਗਿਆ ਹੋਇਆ ।
ਮਿਲਿ = ਮਿਲ ਕੇ ।
ਨਾਮਿ = ਨਾਮ ਵਿਚ ।੧।ਰਹਾਉ ।
ਜਗਿ = ਜਗਤ ਵਿਚ ।
ਅਵਖਧੁ = ਦਵਾਈ ।
ਸਾਤਿ = ਸ਼ਾਂਤਿ (ਦੇਣ ਵਾਲਾ) ।
ਦੋਖ = ਐਬ ।੨ ।
ਧੁਰਿ = ਧੁਰ ਦਰਗਾਹ ਤੋਂ ।
ਮਸਤਕਿ = ਮੱਥੇ ਉੱਤੇ ।
ਸਰਿ = ਸਰ ਵਿਚ ।
ਸੰਤੋਖ ਸਰਿ = ਸੰਤੋਖ ਦੇ ਸਰ ਵਿਚ ।੩ ।
ਠਾਕੁਰ = ਹੇ ਠਾਕੁਰ !
ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ ।
ਤੇ = ਤੋਂ, ਨਾਲ ।੪ ।
    
Sahib Singh
ਹੇ ਰਾਮ (ਮਿਹਰ ਕਰ) ਮੇਰਾ ਮਨ ਤੇਰੇ (ਨਾਮ) ਵਿਚ ਰੰਗਿਆ ਰਹੇ ।
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਕਿਰਪਾ ਨਾਲ) ਸਾਧ ਸੰਗਤਿ ਵਿਚ ਮਿਲ ਕੇ ਰਾਮ-ਰਸ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦੇ ਹਨ ।੧।ਰਹਾਉ ।
ਹੇ ਜਗਤ ਦੇ ਜੀਵਨ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੁਆਮੀ! ਹੇ ਜਗਤ ਦੇ ਈਸ਼ਵਰ! ਹੇ ਸਰਬ-ਵਿਆਪਕ! ਹੇ ਸਿਰਜਣਹਾਰ! ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉਤੇ (ਤੁਰਨ ਲਈ) ਪ੍ਰੇਰਦਾ ਹੈਂ, ਅਸੀ ਉਸ ਰਸਤੇ ਉਤੇ ਹੀ ਤੁਰਦੇ ਹਾਂ ।੧ ।
(ਹੇ ਭਾਈ!) ਪਰਮਾਤਮਾ ਦਾ ਨਾਮ ਜਗਤ ਵਿਚ (ਸਭ ਰੋਗਾਂ ਦੀ) ਦਵਾਈ ਹੈ, ਪਰਮਾਤਮਾ ਦਾ ਨਾਮ (ਆਤਮਕ) ਸ਼ਾਂਤੀ ਦੇਣ ਵਾਲਾ ਹੈ ।
ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਰਸ ਚੱਖਦੇ ਹਨ, ਉਹਨਾਂ ਦੇ ਸਾਰੇ ਪਾਪ ਸਾਰੇ ਐਬ ਨਾਸ ਹੋ ਜਾਂਦੇ ਹਨ ।੨ ।
ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਭਗਤੀ ਦਾ) ਲੇਖ ਲਿਖਿਆ ਜਾਂਦਾ ਹੈ, ਉਹ ਮਨੁੱਖ ਗੁਰੂ-ਰੂਪ ਸੰਤੋਖਸਰ ਵਿਚ ਇਸ਼ਨਾਨ ਕਰਦੇ ਹਨ (ਭਾਵ, ਉਹ ਮਨੁੱਖ ਗੁਰੂ ਵਿਚ ਆਪਣਾ ਆਪ ਲੀਨ ਕਰ ਦੇਂਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜੀਊਂਦੇ ਹਨ) ।
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੀ ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ।੩ ।
ਹੇ ਰਾਮ! ਹੇ ਠਾਕੁਰ! ਤੂੰ ਆਪ ਹੀ ਤੂੰ ਆਪ ਹੀ ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਜੇਡਾ ਵੱਡਾ ਕੋਈ ਹੋਰ ਦਾਤਾ ਨਹੀਂ ਹੈ ।
ਦਾਸ ਨਾਨਕ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਆਤਮਕ ਜੀਵਨ ਪ੍ਰਾਪਤਕਰ ਲੈਂਦਾ ਹੈ ।
(ਪਰ) ਪਰਮਾਤਮਾ ਦਾ ਨਾਮ ਪਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ ।੪।੨।੧੬।੫੪ ।
Follow us on Twitter Facebook Tumblr Reddit Instagram Youtube