ਗਉੜੀ ਗੁਆਰੇਰੀ ਮਹਲਾ ੪ ॥
ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥
ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥
ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥

ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥
ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥

ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥
ਮਿਲੈ ਪਿਆਰੇ ਸਭ ਦੁਖ ਤਿਆਗੈ ॥
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥

ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥
ਹਿਰਦੈ ਬਿਗਸੈ ਦੇਖੈ ਮਾਇ ॥
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥

ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥
ਬਿਨਸਿ ਜਾਇ ਕੂਰਾ ਕਚੁ ਪਾਚਾ ॥
ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥

Sahib Singh
ਭੀਖਕ = ਮੰਗਤੇ ਨੂੰ ।
ਪ੍ਰੀਤਿ = ਖ਼ੁਸ਼ੀ ।
ਭੀਖ ਪ੍ਰਭ = ਕਿਸੇ ਗਿ੍ਰਹਸਤੀ ਦੇ ਦਰ ਤੋਂ ਭਿੱਖਿਆ ।
ਪਾਇ = ਪਾ ਕੇ, ਲੈ ਕੇ ।
ਪ੍ਰਭ = ਕਿਸੇ ਘਰ ਦਾ ਮਾਲਕ ।
ਖਾਇ = ਖਾ ਕੇ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਆਘਾਏ = ਰੱਜਦਾ ਹੈ, ਤ੍ਰਿਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ ।੧ ।
ਹਰਿ = ਹੇ ਹਰੀ !
ਲੋਚ = ਤਾਂਘ ।੧।ਰਹਾਉ ।
ਮੁਖਿ ਲਾਗੈ = ਮੂੰਹ ਲੱਗਦਾ ਹੈ, ਦਿੱਸਦਾ ਹੈ ।੨ ।
ਖੀਰੁ = ਦੁੱਧ ।
ਮੁਖਿ = ਮੂੰਹ ਨਾਲ ।
ਬਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ ।
ਮਾਇ = ਮਾਂ ।
ਮੁਖਿ ਲਾਇ = ਵੇਖ ਕੇ ।੩।ਕਾਚਾ—ਕੱਚਾ, ਛੇਤੀ ਨਾਸ ਹੋ ਜਾਣ ਵਾਲਾ ।
ਕੂਰਾ = ਕੂੜਾ, ਝੂਠਾ ।
ਕਚੁ ਪਾਚਾ = ਕੱਚ ਵਾਂਗ ਵਿਖਾਵਾ ਹੀ ।
ਤਿ੍ਰਪਤਿ = ਸੰਤੋਖ ।੪ ।
    
Sahib Singh
ਹੇ ਹਰੀ! ਕਿਰਪਾ ਕਰ, ਮੇਰੀ ਤਾਂਘ ਪੂਰੀ ਕਰ, ਤੇ ਮੈਨੂੰ ਦਰਸਨ ਦੇਹ (ਜੀਵਨ ਦੇ ਬਿਖੜੇ ਪੈਂਡੇ ਵਿਚ ਮੈਨੂੰ) ਤੇਰੀ ਹੀ (ਸਹਾਇਤਾ ਦੀ) ਆਸ ਹੈ ।੧।ਰਹਾਉ ।
ਮੰਗਤੇ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਸ ਨੂੰ ਕਿਸੇ ਘਰ ਦੇ) ਮਾਲਕ ਪਾਸੋਂ ਭਿੱਖਿਆ ਮਿਲਦੀ ਹੈ ।
ਭੁੱਖੇ ਮਨੁੱਖ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਹ) ਅੰਨ ਖਾਂਦਾ ਹੈ ।
(ਇਸੇ ਤ੍ਰਹਾਂ) ਗੁਰੂ ਦੇ ਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਗੁਰੂ ਨੂੰ ਮਿਲ ਕੇ ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ ।੧ ।
ਚਕਵੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਸੂਰਜ ਦਿੱਸਦਾ ਹੈ (ਕਿਉਂਕਿ ਸੂਰਜ ਚੜ੍ਹਨ ਤੇ ਉਹ ਆਪਣੇ) ਪਿਆਰੇ (ਚਕਵੇ) ਨੂੰ ਮਿਲਦੀ ਹੈ (ਤੇ ਵਿਛੋੜੇ ਦੇ) ਸਾਰੇ ਦੁਖ ਭੁਲਾਂਦੀ ਹੈ ।
ਗੁਰਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਦਿੱਸਦਾ ਹੈ ।੨ ।
ਵੱਛੇ ਨੂੰ (ਆਪਣੀ ਮਾਂ ਦਾ) ਦੁੱਧ ਮੂੰਹ ਨਾਲ ਪੀ ਕੇ ਖ਼ੁਸ਼ੀ ਹੁੰਦੀ ਹੈ, ਉਹ (ਆਪਣੀ) ਮਾਂ ਨੂੰ ਵੇਖਦਾ ਹੈ ਤੇ ਦਿਲ ਵਿਚ ਖਿੜਦਾ ਹੈ, (ਇਸ ਤ੍ਰਹਾਂ) ਗੁਰਸਿੱਖ ਨੂੰ ਗੁਰੂ ਦਾ ਦਰਸਨ ਕਰ ਕੇ ਖ਼ੁਸ਼ੀ ਹੁੰਦੀ ਹੈ ।੩ ।
(ਗੁਰੂ ਪਰਮਾਤਮਾ ਤੋਂ ਬਿਨਾ) ਹੋਰ ਮੋਹ ਕੱਚਾ ਹੈ ਮਾਇਆ ਦੀ ਪ੍ਰੀਤਿ ਸਾਰੀ ਨਾਸਵੰਤ ਹੈ ।
ਹੋਰ ਮੋਹ ਨਾਸ ਹੋ ਜਾਂਦਾ ਹੈ, ਝੂਠਾ ਹੈ, ਨਿਰਾ ਕੱਚ ਸਮਾਨ ਹੀ ਹੈ ।
ਹੇ ਦਾਸ ਨਾਨਕ! ਜਿਸ ਨੂੰ ਸੱਚਾ ਗੁਰੂ ਮਿਲਦਾ ਹੈ ਉਸਨੂੰ (ਅਸਲ) ਖ਼ੁਸ਼ੀ ਹੁੰਦੀ ਹੈ (ਕਿਉਂਕਿ ਉਸ ਨੂੰ ਗੁਰੂ ਮਿਲਣ ਨਾਲ) ਸੰਤੋਖ ਪ੍ਰਾਪਤ ਹੁੰਦਾ ਹੈ ।੪।੪।੪੨ ।
Follow us on Twitter Facebook Tumblr Reddit Instagram Youtube