ਗਉੜੀ ਗੁਆਰੇਰੀ ਮਹਲਾ ੪ ॥
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥
ਮੀਨੇ ਪ੍ਰੀਤਿ ਭਈ ਜਲਿ ਨਾਇ ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥

ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥
ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥

ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥

ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥

ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥

Sahib Singh
ਪ੍ਰੀਤਿ = ਖ਼ੁਸ਼ੀ (ਪ੍ਰਾਤਿ—ਪਲੲੳਸੁਰੲ ਪ੍ਰੀ—ਟੋ ਟੳਕੲ ਦੲਲਗਿਹਟ) ।
ਪ੍ਰੀਤਿ ਕਰੇ = ਖ਼ੁਸ਼ੀ ਮਨਾਂਦੀ ਹੈ, ਖ਼ੁਸ਼ ਹੁੰਦੀ ਹੈ ।
ਮੀਨੇ = ਮੱਛੀ ਨੂੰ ।
ਜਲਿ = ਪਾਣੀ ਵਿਚ ।
ਨਾਇ = ਨ੍ਹਾ ਕੇ ।
ਮੁਖਿ = ਮੂੰਹ ਵਿਚ ।੧ ।
ਹਰਿ = ਹੇ ਹਰੀ !
ਹਮ = ਮੈਨੂੰ ।੧।ਰਹਾਉ ।
ਮਿਲਿ = ਮਿਲ ਕੇ ।
ਬਛਰੇ = ਵੱਛੇ ਨੂੰ ।
ਕਾਮਨਿ = ਇਸਤ੍ਰੀ ।
ਪਿਰੁ = ਪਤੀ ।
ਘਰਿ = ਘਰ ਵਿਚ ।੨।ਸਾਰਿੰਗ—ਪਪੀਹੇ ਨੂੰ ।
ਜਲ ਧਾਰਾ = ਪਾਣੀ ਦੀ ਧਾਰ, ਵਰਖਾ ।
ਨਰਪਤਿ = ਰਾਜਾ ।
ਦੇਖਿ = ਵੇਖ ਕੇ ।੩ ।
ਨਰ ਪ੍ਰਾਣੀ = ਹਰੇਕ ਮਨੁੱਖ ਨੂੰ ।
ਗੁਰਸਿਖ = ਗੁਰੂ ਦੇ ਸਿੱਖ ਨੂੰ ।
ਗਲਾਟੇ = ਗਲ ਲਾ ਕੇ ।
ਚਾਟੇ = ਚੁੰਮਣ ਨਾਲ ।੪ ।
    
Sahib Singh
ਹੇ ਹਰੀ! ਮੈਨੂੰ ਆਪਣੇ ਉਹ ਸੇਵਕ ਮਿਲਾ, ਜਿਨ੍ਹਾਂ ਦੇ ਮਿਲਿਆਂ ਮੇਰੇ ਸਾਰੇ ਦੁਖ ਦੂਰ ਹੋ ਜਾਣ (ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਏ) ।੧।ਰਹਾਉ ।
(ਹਰੇਕ) ਮਾਂ ਖ਼ੁਸ਼ੀ ਮਨਾਂਦੀ ਹੈ ਜਦੋਂ ਉਸ ਦਾ ਪੁੱਤਰ (ਕੋਈ ਚੰਗੀ ਸ਼ੈ) ਖਾਂਦਾ ਹੈ ।
ਪਾਣੀ ਵਿਚ ਨ੍ਹਾ ਕੇ ਮੱਛੀ ਨੂੰ ਖ਼ੁਸ਼ੀ ਹੁੰਦੀ ਹੈ ।
ਗੁਰੂ ਨੂੰ ਖ਼ੁਸ਼ੀ ਹੁੰਦੀ ਹੈ, ਜਦੋਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿਚ (ਭੋਜਨ) ਪਾਂਦਾ ਹੈ (ਜਦੋਂ ਕੋਈ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ) ।੧ ।
ਜਿਵੇਂ (ਆਪਣੇ) ਵੱਛੇ ਨੂੰ ਮਿਲ ਕੇ ਗਾਂ ਖ਼ੁਸ਼ ਹੁੰਦੀ ਹੈ, ਜਿਵੇਂ ਇਸਤ੍ਰੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਦਾ ਪਤੀ ਘਰ ਆਉਂਦਾ ਹੈ, (ਤਿਵੇਂ) ਪਰਮਾਤਮਾ ਦੇ ਸੇਵਕ ਨੂੰ ਤਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾਂਦਾ ਹੈ ।੨ ।
ਪਪੀਹੇ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ (ਸ੍ਵਾਂਤੀ ਨਛੱਤ੍ਰ ਵਿਚ) ਮੁਹਲੇ-ਧਾਰ ਮੀਂਹ ਵੱਸਦਾ ਹੈ, ਮਾਇਆ ਦਾ ਖਿਲਾਰਾ ਵੇਖ ਕੇ (ਕਿਸੇ) ਰਾਜੇ-ਪਾਤਿਸ਼ਾਹ ਨੂੰ ਖ਼ੁਸ਼ੀ ਹੁੰਦੀ ਹੈ ।
(ਤਿਵੇਂ) ਪ੍ਰਭੂ ਦੇ ਦਾਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ ।੩ ।
ਹਰੇਕ ਮਨੁੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਮਾਇਆ ਕਮਾਂਦਾ ਹੈ ਧਨ ਖੱਟਦਾ ਹੈ ।
ਗੁਰੂ ਦੇ ਸਿੱਖ ਨੂੰ ਖ਼ੁਸ਼ੀ (ਮਹਿਸੂਸ) ਹੁੰਦੀ ਹੈ ਜਦੋਂ ਉਸ ਨੂੰ ਉਸ ਦਾ ਗੁਰੂ ਗਲ ਲਾ ਕੇ ਮਿਲਦਾ ਹੈ ।
ਹੇ ਨਾਨਕ! ਪਰਮਾਤਮਾ ਦੇ ਸੇਵਕ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਕਿਸੇ ਗੁਰਮੁਖਿ ਦੇ ਪੈਰ ਚੁੰਮਦਾ ਹੈ ।੪।੩।੪੧ ।
Follow us on Twitter Facebook Tumblr Reddit Instagram Youtube