ਗਉੜੀ ਗੁਆਰੇਰੀ ਮਹਲਾ ੪ ॥
ਨਿਰਗੁਣ ਕਥਾ ਕਥਾ ਹੈ ਹਰਿ ਕੀ ॥
ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥

ਗੋਬਿੰਦ ਸਤਸੰਗਤਿ ਮੇਲਾਇ ॥
ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥

ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥
ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥
ਜਨ ਕੀ ਸੇਵਾ ਊਤਮ ਕਾਮਾ ॥੨॥

ਜੋ ਹਰਿ ਕੀ ਹਰਿ ਕਥਾ ਸੁਣਾਵੈ ॥
ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥
ਜਨ ਪਗ ਰੇਣੁ ਵਡਭਾਗੀ ਪਾਵੈ ॥੩॥

ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥
ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥
ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥

Sahib Singh
ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ।
ਭਜੁ = ਸਿਮਰ ।
ਤਰੁ = ਪਾਰ ਲੰਘ ।
ਅਕਥ ਕਥਾ = ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ ।੧ ।
ਗੋਬਿੰਦ = ਹੇ ਗੋਬਿੰਦ !
ਰਸੁ = ਸੁਆਦ ।
ਰਸਨਾ = ਜੀਭ ।
ਗਾਇ = ਗਾਵੇ ।੧।ਰਹਾਉ ।
ਜੋ ਜਨ = ਜੇਹੜੇ ਬੰਦੇ ।
ਦਾਸਨਿ ਦਾਸ = ਸੇਵਕਾਂ ਦਾ ਸੇਵਕ ।
ਰਾਮਾ = ਹੇ ਰਾਮ !
ਕਾਮਾ = ਕੰਮ ।੨।ਹਮਰੈ ਮਨਿ ਚਿਤਿ—ਮੇਰੇ ਮਨ ਵਿਚ, ਮੇਰੇ ਚਿੱਤ ਵਿਚ ।
ਭਾਵੈ = ਚੰਗਾ ਲੱਗਦਾ ਹੈ ।
ਪਗ = ਪੈਰ ।
ਰੇਣੁ = ਧੂੜ ।
ਪਗ ਰੇਣੁ = ਪੈਰਾਂ ਦੀ ਖ਼ਾਕ ।੩ ।
ਸਿਉ = ਨਾਲ ।
ਲਿਖਤੁ = ਲੇਖ ।
ਧੁਰਿ = ਧੁਰੋਂ ।
ਤੇ ਜਨ = ਉਹ ਬੰਦੇ ।
ਸਮਾਈ = ਲੀਨਤਾ ।੪ ।
    
Sahib Singh
ਹੇ ਗੋਬਿੰਦ! (ਮੈਨੂੰ) ਸਾਧ ਸੰਗਤਿ ਦਾ ਮਿਲਾਪ ਬਖ਼ਸ਼ (ਤਾਂ ਜੁ ਮੇਰੀ) ਜੀਭ ਹਰਿ-ਨਾਮ ਦਾ ਸੁਆਦ (ਲੈ ਕੇ) ਹਰਿ-ਗੁਣ ਗਾਂਦੀ ਰਹੇ ।੧।ਰਹਾਉ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਤਿੰਨਾਂ ਗੁਣਾਂ ਤੋਂ ਉਤਾਂਹ ਹਨ (ਦੁਨੀਆ ਦੇ ਲੋਕਾਂ ਦੀਆਂ ਸਿਫ਼ਤਾਂ ਦੀਆਂ ਕਹਾਣੀਆਂ ਨਾਲੋਂ ਬਹੁਤ ਉੱਚੇ ਟਿਕਾਣੇ ਦੀਆਂ ਹਨ) ।
(ਹੇ ਭਾਈ!) ਸਾਧੂ ਜਨਾਂ ਦੀ ਸੰਗਤਿ ਵਿਚ ਮਿਲ ਕੇ (ਉਸ ਪਰਮਾਤਮਾ ਦਾ) ਭਜਨ ਕਰਿਆ ਕਰ, ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ, ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ (ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ।੧ ।
ਹੇ ਹਰੀ! ਹੇ ਰਾਮ! ਜੇਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ।
(ਤੇਰੇ) ਦਾਸਾਂ ਦੀ ਸੇਵਾ (ਮਨੁੱਖਾ ਜੀਵਨ ਵਿਚ ਸਭ ਤੋਂ) ਸ੍ਰੇਸ਼ਟ ਕੰਮ ਹੈ ।੨ ।
(ਹੇ ਭਾਈ!) ਜੇਹੜਾ ਮਨੁੱਖ (ਮੈਨੂੰ) ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੀਆਂ ਗੱਲਾਂ ਸੁਣਾਂਦਾ ਹੈ, ਉਹ (ਮੈਨੂੰ) ਮੇਰੇ ਮਨ ਵਿਚ ਮੇਰੇ ਚਿੱਤ ਵਿਚ ਪਿਆਰਾ ਲੱਗਦਾ ਹੈ ।
(ਪਰਮਾਤਮਾ ਦੇ) ਭਗਤ ਦੇ ਪੈਰਾਂ ਦੀ ਖ਼ਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ (ਹੀ) ਹਾਸਲ ਕਰਦਾ ਹੈ ।੩ ।
ਹੇ ਨਾਨਕ! (ਪ੍ਰਭੂ ਦੇ) ਸੰਤ ਜਨਾਂ ਨਾਲ (ਉਹਨਾਂ ਮਨੁੱਖਾਂ ਦੀ) ਪ੍ਰੀਤਿ ਨਿਭਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ (ਆਪਣੀ ਦਰਗਾਹ ਤੋਂ ਆਪਣੀ ਬਖ਼ਸ਼ਸ਼ ਦਾ) ਲੇਖ ਲਿਖ ਦਿੱਤਾ ਹੋਵੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ ਲਈ) ਲੀਨਤਾ ਹਾਸਲ ਕਰ ਲੈਂਦੇ ਹਨ ।੪।੨।੪੦ ।
Follow us on Twitter Facebook Tumblr Reddit Instagram Youtube