ਗਉੜੀ ਬੈਰਾਗਣਿ ਮਹਲਾ ੩ ॥
ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ ॥
ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ ॥
ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ ॥
ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ॥੧॥

ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥
ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ॥੧॥ ਰਹਾਉ ॥

ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥
ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥
ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥
ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥

ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥
ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥
ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥
ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥

ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥
ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥
ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥
ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥

Sahib Singh
ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ ।
ਦਿਨ ਚਾਰਿ ਹੈ = ਚਾਰ ਦਿਨ (ਰਹਿਣ ਵਾਸਤੇ ਮਿਲੇ) ਹਨ ।
ਲਿਖਿ = ਲਿਖ ਕੇ ।
ਪਾਇਆ = (ਹਰੇਕ ਜੀਵ ਦੇ ਮੱਥੇ ਉਤੇ) ਰੱਖ ਦਿੱਤਾ ਹੈ ।
ਗੁਰਮੁਖਿ = ਗੁਰੂਦੇ ਸਨਮੁਖ ਹੋ ਕੇ ।
ਪੇਵਕੜੈ = ਪੇਕੇ ਘਰ ਵਿਚ, ਇਸ ਲੋਕ ਵਿਚ ।
ਸੰਮਲੈ = ਸੰਭਾਲਦੀ ਹੈ ।
ਵਾਸੁ = ਥਾਂ ।
ਸਹਜਿ = ਆਤਮਕ ਅਡੋਲਤਾ ਵਿਚ ।
ਮਨਿ = ਮਨ ਵਿਚ ।੧ ।
ਸਸੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ ।
ਪੇਈਐ = ਇਸ ਲੋਕ ਵਿਚ ।
ਕਹੁ = ਦੱਸੋ ।
ਕਿਤੁ ਬਿਧਿ = ਕਿਸ ਤਰੀਕੇ ਨਾਲ ?
ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ ।
ਅਲਖੁ = ਅਦਿ੍ਰਸ਼ਟ ।
ਆਪੇ = ਆਪ ਹੀ ।੧।ਰਹਾਉ ।
ਦੇਹਿ = ਤੂੰ ਦੇਂਦਾ ਹੈਂ {ਦੇਇ—ਦੇਂਦਾ ਹੈ} ।
ਮੁਖਿ = ਮੂੰਹ ਵਿਚ ।
ਦੁਬਿਧਾ = ਦੁਚਿੱਤਾ = ਪਨ, ਡਾਵਾਂ-ਡੋਲ ਮਾਨਸਕ ਦਸ਼ਾ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।
ਸੁਖਿ = ਆਤਮਕ ਆਨੰਦ ਵਿਚ ।
ਨਾਇ = ਨਾਮ ਵਿਚ ।੨ ।
ਗਰਬਿ = ਅਹੰਕਾਰ ਦੇ ਕਾਰਨ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ।
ਗਰਭੇ = ਗਰਭ ਵਿਚ ਹੀ ।
ਏਵੈ = ਇਸੇ ਤ੍ਰਹਾਂ ।੩ ।
ਪ੍ਰਭਿ = ਪ੍ਰਭੂ ਨੇ ।
ਧੁਰਿ = ਧੁਰ ਤੋਂ, ਆਪਣੀ ਹਜ਼ੂਰੀ ਤੋਂ ।
ਮਸਤਕਿ = ਮੱਥੇ ਉੱਤੇ ।
ਸੂਰਾ = ਸੂਰਮਾ ।
ਬੰਧਪੁ = ਰਿਸ਼ਤੇਦਾਰ ।
ਬੀਰਾ = ਵੀਰ, ਭਰਾ ।
ਪ੍ਰਭ = ਹੇ ਪ੍ਰਭੂ !
ਕੀਰਾ = ਕੀੜਾ, ਨਾ = ਚੀਜ਼, ਨਿਮਾਣਾ ।੪ ।
    
Sahib Singh
(ਹੇ ਸਤਸੰਗੀ! ਹੇ ਭੈਣ!) ਦੱਸ, ਉਹ ਪਤੀ-ਪ੍ਰਭੂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਜੇਹੜਾ ਇਸ ਲੋਕ ਵਿਚ ਪਰਲੋਕ ਵਿਚ (ਸਭ ਥਾਂ) ਵੱਸਦਾ ਹੈ ?
(ਹੇ ਜਿਗਿਆਸੂ ਜੀਵ-ਇਸਤ੍ਰੀ!) ਉਹ ਪ੍ਰਭੂ-ਪਤੀ (ਹਰ ਥਾਂ ਮੌਜੂਦ ਹੁੰਦਿਆਂ ਭੀ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਅਦਿ੍ਰਸ਼ਟ ਭੀ ਹੈ ।
ਉਹ ਆਪ ਹੀ ਆਪਣਾ ਮੇਲ ਕਰਾਂਦਾ ਹੈ ।੧।ਰਹਾਉ ।
ਪਰਮਾਤਮਾ ਨੇ (ਹਰੇਕ ਜੀਵ ਦੇ ਮੱਥੇ ਉਤੇ ਇਹੀ ਲੇਖ) ਲਿਖ ਕੇ ਰੱਖ ਦਿੱਤਾ ਹੈ ਕਿ ਹਰੇਕ ਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਹੀ ਦਿਨ ਮਿਲੇ ਹੋਏ ਹਨ (ਫਿਰ ਭੀ ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ) ।
ਉਹ ਜੀਵ-ਇਸਤ੍ਰੀ (ਲੋਕ ਪਰਲੋਕ ਵਿਚ) ਸੋਭਾ ਖੱਟਦੀ ਹੈ, ਜੇਹੜੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ ।
ਜੇਹੜੀ ਜੀਵ-ਇਸਤ੍ਰੀ ਇਸ ਪੇਕੇ ਘਰ ਵਿਚ ਰਹਿਣ ਸਮੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਸੰਭਾਲਦੀ ਹੈ ਉਸ ਨੂੰ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਵਾਲਾ ਥਾਂ ਮਿਲ ਜਾਂਦਾ ਹੈ ।
ਗੁਰੂ ਦੇ ਸਨਮੁਖ ਰਹਿ ਕੇ ਉਹ ਜੀਵ-ਇਸਤ੍ਰੀ (ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ, ਪਰਮਾਤਮਾ (ਦਾ ਨਾਮ) ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ।੧ ।
(ਹੇ ਪਰਮਾਤਮਾ!) ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਜਿਸ ਜੀਵ ਨੂੰ ਤੂੰ ਆਪ ਹੀ ਮਤਿ ਦੇਂਦਾ ਹੈਂ, ਉਸੇ ਪਾਸੋਂ ਹਰਿ-ਨਾਮ ਸਿਮਰਿਆ ਜਾ ਸਕਦਾ ਹੈ ।
ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਂਦਾ ਹੈ ।
ਉਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਾਨਸਕ ਡਾਵਾਂਡੋਲ ਦਸ਼ਾ ਮੁੱਕ ਜਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ ।
(ਹੇ ਭਾਈ!) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ, ਉਹ ਆਪ ਹੀ (ਜੀਵਾਂ ਨੂੰ) ਆਪਣੇ ਨਾਮ ਵਿਚ ਜੋੜਦਾ ਹੈ ।੨ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗਿਆਨ ਤੋਂ ਸੱਖਣੇ ਹੁੰਦੇ ਹਨ (ਜੀਵਨ-ਜੁਗਤਿ ਤੋਂ) ਅੰਞਾਣ ਹੁੰਦੇ ਹਨ ਉਹ ਅਹੰਕਾਰ ਵਿਚ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦਾ ਮੇਲ ਨਹੀਂ ਹੁੰਦਾ ।
ਉਹ (ਆਪਣੇ ਮਾਣ ਵਿਚ ਰਹਿ ਕੇ) ਸਤਿਗੁਰੂ ਦੀ ਸਰਨ ਨਹੀਂ ਪੈਂਦੇ (ਕੁਰਾਹੇ ਪੈ ਕੇ) ਮੁੜ ਮੁੜ ਪਛੁਤਾਂਦੇ ਭੀ ਰਹਿੰਦੇ ਹਨ ।
ਉਹ ਮਨੁੱਖਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚ ਉਹਨਾਂ ਦਾ ਆਤਮਕ ਜੀਵਨ ਗਲ ਜਾਂਦਾ ਹੈ ।
ਮੇਰੇ ਕਰਤਾਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਨਮ ਮਰਨ ਵਿਚ ਹੀ ਭਟਕਦੇ ਰਹਿਣ ।੩ ।
(ਜਿਸ ਵਡਭਾਗੀ ਮਨੁੱਖ ਦੇ) ਮੱਥੇ ਉਤੇ ਮੇਰੇ ਹਰਿ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ (ਬਖ਼ਸ਼ਸ਼ ਦਾ) ਅਟੱਲ ਲੇਖ ਲਿਖ ਦਿੱਤਾ, ਉਸ ਨੂੰ (ਸਭ ਵਿਕਾਰਾਂ ਤੋਂ ਹੱਥ ਦੇ ਕੇ ਬਚਾਣ ਵਾਲਾ) ਸੂਰਮਾ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਕਿਰਪਾ ਨਾਲ) ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ।
(ਹੇ ਭਾਈ!) ਪਰਮਾਤਮਾ ਦਾ ਨਾਮ ਹੀ ਮੇਰਾ ਪਿਉ ਹੈ ਨਾਮ ਹੀ ਮੇਰੀ ਮਾਂ ਹੈ, ਪਰਮਾਤਮਾ (ਦਾ ਨਾਮ) ਹੀ ਮੇਰਾ ਸਨਬੰਧੀ ਹੈ ਮੇਰਾ ਵੀਰ ਹੈ (ਮੈਂ ਸਦਾ ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕਰਦਾ ਹਾਂ ਕਿ) ਹੇ ਪ੍ਰਭੂ! ਹੇ ਹਰੀ! ਇਹ ਨਾਨਕ ਤੇਰਾ ਨਿਮਾਣਾ ਦਾਸ ਹੈ, ਇਸ ਉਤੇ ਬਖ਼ਸ਼ਸ਼ ਕਰ ਤੇ ਇਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ ।੪।।੩।੧੭।੩੭ ।
Follow us on Twitter Facebook Tumblr Reddit Instagram Youtube