ਗਉੜੀ ਗੁਆਰੇਰੀ ਮਹਲਾ ੩ ॥
ਗੁਰ ਸੇਵਾ ਜੁਗ ਚਾਰੇ ਹੋਈ ॥
ਪੂਰਾ ਜਨੁ ਕਾਰ ਕਮਾਵੈ ਕੋਈ ॥
ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥
ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥੧॥

ਏ ਮਨ ਮੇਰੇ ਭਰਮੁ ਨ ਕੀਜੈ ॥
ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥
ਆਪਿ ਉਧਰੇ ਕੁਲ ਸਗਲ ਨਿਸਤਾਰੇ ॥
ਹਰਿ ਕਾ ਨਾਮੁ ਰਖਹਿ ਉਰ ਧਾਰੇ ॥
ਨਾਮਿ ਰਤੇ ਭਉਜਲ ਉਤਰਹਿ ਪਾਰੇ ॥੨॥

ਸਤਿਗੁਰੁ ਸੇਵਹਿ ਸਦਾ ਮਨਿ ਦਾਸਾ ॥
ਹਉਮੈ ਮਾਰਿ ਕਮਲੁ ਪਰਗਾਸਾ ॥
ਅਨਹਦੁ ਵਾਜੈ ਨਿਜ ਘਰਿ ਵਾਸਾ ॥
ਨਾਮਿ ਰਤੇ ਘਰ ਮਾਹਿ ਉਦਾਸਾ ॥੩॥

ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ॥
ਜੁਗੁ ਜੁਗੁ ਭਗਤੀ ਆਖਿ ਵਖਾਣੀ ॥
ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥
ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥੪॥੧੩॥੩੩॥

Sahib Singh
ਗੁਰ ਸੇਵਾ = ਗੁਰੂ ਦੀ ਦੱਸੀ ਸੇਵਾ-ਭਗਤੀ ।
ਐਥੈ = ਇਸ ਲੋਕ ਵਿਚ ।
ਦਰਿ = ਪ੍ਰਭੂ ਦੀ ਹਜ਼ੂਰੀ ਵਿਚ ।੧ ।
ਭਰਮੁ = ਸ਼ੱਕ ।
ਅੰਮਿ੍ਰਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ।੧।ਰਹਾਉ ।
ਸੰਸਾਰੇ = ਸੰਸਾਰਿ, ਸੰਸਾਰ ਵਿਚ ।
ਉਰ = ਹਿਰਦਾ {ੳਰਸੱ} ।
ਭਉਜਲ = ਸੰਸਾਰ = ਸਮੁੰਦਰ ।੨ ।
ਮਨਿ = ਮਨ ਵਿਚ ।
ਕਮਲੁ = ਹਿਰਦਾ = ਕਮਲ ।
ਅਨਹਦੁ = ਇਕ = ਰਸ {ਅਨਾਹਤ—ਬਿਨਾ ਵਜਾਏ} ।੩ ।
ਸਚੀ = ਸਦਾ = ਥਿਰ ।
ਭਗਤੀ = ਭਗਤਾਂ ਨੇ ।
ਆਖਿ = ਆਖ ਕੇ, ਉਚਾਰ ਕੇ ।
ਸਾਰੰਗਪਾਣੀ = ਪਰਮਾਤਮਾ {ਸਾਰੰਗ—ਧਨੁਖ ।
ਪਾਣੀ = ਹੱਥ ।
    ਜਿਸ ਦੇ ਹੱਥ ਵਿਚ ਧਨੁਖ ਹੈ} ।
ਨਿਰਬਾਣੀ = ਵਾਸਨਾ = ਰਹਿਤ ।
ਨਿਹਕੇਵਲ = ਸੁੱਧ {ਨਿÕਕੈਵÑਯ} ।੪ ।
    
Sahib Singh
ਹੇ ਮੇਰੇ ਮਨ! (ਗੁਰੂ ਦੀ ਦੱਸੀ ਸਿੱਖਿਆ ਉਤੇ) ਸ਼ੱਕ ਨਹੀਂ ਕਰਨਾ ਚਾਹੀਦਾ, ਗੁਰੂ ਦੀ ਦੱਸੀ ਸੇਵਾ-ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ ।੧।ਰਹਾਉ ।
ਗੁਰੂ ਦੀ ਦੱਸੀ ਸੇਵਾ ਕਰਨ ਦਾ ਨਿਯਮ ਸਦਾ ਤੋਂ ਹੀ ਚਲਿਆ ਆ ਰਿਹਾ ਹੈ (ਚੌਹਾਂ ਜੁਗਾਂ ਵਿਚ ਹੀ ਪਰਵਾਨ ਹੈ) ।
ਕੋਈ ਪੂਰਨ ਮਨੁੱਖ ਹੀ ਗੁਰੂ ਦੀ ਦੱਸੀ ਕਾਰ (ਪੂਰੀ ਸ਼ਰਧਾ ਨਾਲ) ਕਰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਉਹ) ਕਦੇ ਨਾਹ ਮੁਕਣ ਵਾਲਾ ਹਰਿ-ਨਾਮ-ਧਨ (ਇਕੱਠਾ ਕਰ ਲੈਂਦਾ ਹੈ, ਉਸ ਧਨ ਵਿਚ ਕਦੇ) ਘਾਟਾ ਨਹੀਂ ਪੈਂਦਾ ।
(ਇਹ ਨਾਮ-ਧਨ ਇਕੱਠਾ ਕਰਨ ਵਾਲਾ ਮਨੁੱਖ) ਇਸ ਲੋਕ ਵਿਚ ਸਦਾ ਆਤਮਕ ਆਨੰਦ ਮਾਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਭੀ ਉਸ ਨੂੰ ਸੋਭਾ ਮਿਲਦੀ ਹੈ ।੧ ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸੰਸਾਰ ਵਿਚ ਮਹਾ ਪੁਰਖ ਮੰਨੇ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸੰਭਾਲ ਰੱਖਦੇ ਹਨ ।
ਪ੍ਰਭੂ-ਨਾਮ (ਦੇ ਰੰਗ) ਵਿਚ ਰੰਗੇ ਹੋਏ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।੨ ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਪਣੇ ਮਨ ਵਿਚ ਸਦਾ (ਸਭਨਾਂ ਦੇ) ਦਾਸ ਬਣੇ ਰਹਿੰਦੇ ਹਨ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਤੇ ਉਹਨਾਂ ਦਾ ਹਿਰਦਾ-ਕਮਲ ਖਿੜਿਆ ਰਹਿੰਦਾ ਹੈ ।
ਉਹਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦਾ, ਮਾਨੋ, ਵਾਜਾ) ਇਕ-ਰਸ ਵੱਜਦਾ ਰਹਿੰਦਾ ਹੈ, ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ ।
ਪ੍ਰਭੂ-ਨਾਮ ਵਿਚ ਰੰਗੇ ਹੋਏ ਉਹ ਮਨੁੱਖ ਗਿ੍ਰਹਸਤ ਵਿਚ ਰਹਿੰਦੇ ਹੋਏ ਭੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ ।੩ ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਉਚਾਰੀ ਹੋਈ) ਉਹਨਾਂ ਦੀ ਬਾਣੀ ਸਦਾ ਲਈ ਅਟੱਲ ਹੋ ਜਾਂਦੀ ਹੈ, ਹਰੇਕ ਜੁਗ ਵਿਚ (ਸਦਾ ਹੀ) ਭਗਤ ਜਨ ਉਹ ਬਾਣੀ ਉਚਾਰ ਕੇ(ਹੋਰਨਾਂ ਨੂੰ ਭੀ) ਸੁਣਾਂਦੇ ਹਨ ।
ਉਹ ਮਨੁੱਖ ਹਰ ਰੋਜ਼ ਸਾਰੰਗ-ਪਾਣੀ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ ।
ਹੇ ਨਾਨਕ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਹ ਵਾਸਨਾ-ਰਹਿਤ ਹੋ ਜਾਂਦੇ ਹਨ ।੪।੧੩।੩੩ ।
Follow us on Twitter Facebook Tumblr Reddit Instagram Youtube