ਗਉੜੀ ਮਹਲਾ ੩ ਗੁਆਰੇਰੀ ॥
ਸਚਾ ਅਮਰੁ ਸਚਾ ਪਾਤਿਸਾਹੁ ॥
ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥
ਸਚੈ ਮਹਲਿ ਸਚਿ ਨਾਮਿ ਸਮਾਹੁ ॥੧॥

ਸੁਣਿ ਮਨ ਮੇਰੇ ਸਬਦੁ ਵੀਚਾਰਿ ॥
ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥

ਭਰਮੇ ਆਵੈ ਭਰਮੇ ਜਾਇ ॥
ਇਹੁ ਜਗੁ ਜਨਮਿਆ ਦੂਜੈ ਭਾਇ ॥
ਮਨਮੁਖਿ ਨ ਚੇਤੈ ਆਵੈ ਜਾਇ ॥੨॥

ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥
ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥
ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥੩॥

ਕਿਰਪਾ ਕਰਿ ਸਤਿਗੁਰੂ ਮਿਲਾਏ ॥
ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥
ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥੪॥੧੧॥੩੧॥

Sahib Singh
ਸਚਾ = ਸਦਾ = ਥਿਰ ਕਾਇਮ ਰਹਿਣ ਵਾਲਾ, ਅਟੱਲ ।
ਅਮਰੁ = ਹੁਕਮ ।
ਮਨਿ = ਮਨ ਦੀ ਰਾਹੀਂ ।
ਸਚੈ = ਸਦਾ = ਥਿਰ ਪ੍ਰਭੂ ਵਿਚ ।
ਮਹਲਿ = ਮਹਲ ਵਿਚ ।
ਸਮਾਹੁ = ਸਮਾਈ, ਲੀਨਤਾ ।੧ ।
ਮਨ = ਹੇ ਮਨ !
ਵੀਚਾਰਿ = ਸੋਚ = ਮੰਡਲ ਵਿਚ ਟਿਕਾ ਰੱਖ ।ਰਹਾਉ।ਭਰਮੇ—ਭਟਕਣਾ ਵਿਚ ਹੀ ।
ਆਵੈ = ਜੰਮਦਾ ਹੈ ।
ਜਾਇ = ਮਰਦਾ ਹੈ ।
ਦੂਜੈ ਭਾਇ = ਹੋਰ ਹੋਰ ਪਿਆਰ ਵਿਚ ।੨ ।
ਕਿ = ਜਾਂ, ਭਾਵੇਂ ।
ਪ੍ਰਭਿ = ਪ੍ਰਭੂ ਨੇ ।
ਵਿਡਾਣੀ = ਬਿਗਾਨੀ ।੩ ।
ਨਉਨਿਧਿ = (ਜਗਤ ਦੇ ਸਾਰੇ) ਨੌ ਖ਼ਜ਼ਾਨੇ ।੪ ।
    
Sahib Singh
ਹੇ ਮੇਰੇ ਮਨ! (ਗੁਰੂ ਦੀ ਸਿੱਖਿਆ) ਸੁਣ, ਗੁਰੂ ਦੇ ਸ਼ਬਦ ਨੂੰ (ਆਪਣੇ) ਸੋਚ-ਮੰਡਲ ਵਿਚ ਵਸਾ ਰੱਖ ।
ਜੇ ਤੂੰ ਪਰਮਾਤਮਾ ਦਾ ਨਾਮ ਸਿਮਰੇਂਗਾ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ।੧।ਰਹਾਉ ।
ਪਰਮਾਤਮਾ (ਜਗਤ ਦਾ) ਸਦਾ-ਥਿਰ ਰਹਿਣ ਵਾਲਾ ਪਾਤਿਸ਼ਾਹ ਹੈ, ਉਸ ਦਾ ਹੁਕਮ ਅਟੱਲ ਹੈ ।
ਜੇਹੜੇ ਮਨੁੱਖ (ਆਪਣੇ) ਮਨ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਰਹਿੰਦੇ ਹਨ, ਉਸ ਦੇ ਸਦਾ-ਥਿਰ ਨਾਮ ਵਿਚ ਲੀਨਤਾ ਪ੍ਰਾਪਤ ਕਰ ਲੈਂਦੇ ਹਨ ।੧ ।
ਪਰ ਇਹ ਜਗਤ (ਆਪਣੇ ਮਨ ਦੇ ਪਿੱਛੇ ਤੁਰ ਕੇ) ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਮਾਇਆ ਦੀ ਭਟਕਣਾ ਵਿਚ ਹੀ ਜੰਮਦਾ ਹੈ ਤੇ ਮਾਇਆ ਦੀ ਭਟਕਣਾ ਵਿਚ ਹੀ ਮਰਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜੰਮਦਾ ਮਰਦਾ ਰਹਿੰਦਾ ਹੈ ।੨ ।
ਇਹ ਜੀਵ ਆਪ ਹੀ ਕੁਰਾਹੇ ਪਿਆ ਹੈ ਜਾਂ ਪਰਮਾਤਮਾ ਨੇ ਆਪ ਇਸ ਨੂੰ ਕੁਰਾਹੇ ਪਾ ਰੱਖਿਆ ਹੈ (ਇਕ ਗੱਲ ਪਰਤੱਖ ਹੈ ਕਿ ਇਹ ਆਪਣਾ ਅਸਲ ਹਿਤ ਭੁਲਾਈ ਬੈਠਾ ਹੈ ਤੇ ਮਾਇਆ ਦੇ ਮੋਹ ਵਿਚ ਫਸ ਕੇ) ਇਹ ਜੀਵ ਬਿਗਾਨੀ ਨੌਕਰੀ ਹੀ ਕਰ ਰਿਹਾ ਹੈ (ਜਿਸ ਤੋਂ) ਇਹ ਮਹਾਨ ਦੁੱਖ ਹੀ ਖੱਟਦਾ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ ।੩ ।
ਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ (ਮਾਇਆ ਦਾ ਮੋਹ ਛੱਡ ਕੇ) ਕੇਵਲ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ ।
ਹੇ ਨਾਨਕ! ਉਹ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ ਤੇ ਹਰਿ-ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ਜੋ (ਉਸ ਦੇ ਵਾਸਤੇ, ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ ਹੈ ।੪।੧੧।੩੧ ।
Follow us on Twitter Facebook Tumblr Reddit Instagram Youtube