ਗਉੜੀ ਗੁਆਰੇਰੀ ਮਹਲਾ ੩ ॥
ਤੂੰ ਅਕਥੁ ਕਿਉ ਕਥਿਆ ਜਾਹਿ ॥
ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥
ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥

ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥
ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥

ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥
ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥
ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥

ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥
ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥
ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥

ਆਪੇ ਦਾਤਿ ਕਰੇ ਦਾਤਾਰੁ ॥
ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥

Sahib Singh
ਅਕਥੁ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ ।
ਮਾਰਣੁ = ਮਸਾਲਾ ।੧ ।
ਜਿਸ ਕੀ = ਜਿਸ (ਪਰਮਾਤਮਾ) ਦੀ ।
ਬਾਣੀ = ਸਿਫ਼ਤਿ = ਸਾਲਾਹ ਦੀ ਬਾਣੀ, ਸਿਫ਼ਤਿ-ਸਾਲਾਹ ।
ਤਿਸੁ ਮਾਹਿ = ਉਸ (ਪਰਮਾਤਮਾ) ਵਿਚ {ਨੋਟ:- ਸੰਬੰਧਕ ‘ਕੀ’ ਦੇ ਕਾਰਨ ‘ਜਿਸੁ’ ਦਾ ੁ ਲੋਪ ਹੋ ਗਿਆ ਹੈ, ਪਰ ਸੰਬੰਧਕ ‘ਮਾਹਿ’ ਇਹ ਅਸਰ ਨਹੀਂ ਪਾ ਸਕਦਾ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਗੁਰ ਸਬਦਿ = ਗੁਰੂ ਦੇ ਸ਼ਬਦ ਨੇ ।੧।ਰਹਾਉ ।
ਜਹ = ਜਿੱਥੇ, ਜਿਸ ਹਿਰਦੇ ਵਿਚ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।੩ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
ਮਹਲੀ = ਪ੍ਰਭੂ ਦੀ ਹਜ਼ੂਰੀ ਵਿਚ ।
ਨਾਮਿ = ਨਾਮ ਵਿਚ ।੩ ।
ਦਾਤਾਰੁ = ਦਾਤਾਂ ਦੇਣ ਵਾਲਾ ਪ੍ਰਭੂ ।
ਸਿਉ = ਨਾਲ ।
ਜੈਕਾਰੁ = ਵਡਿਆਈ ।੪ ।
    
Sahib Singh
ਇਹ ਸਿਫ਼ਤਿ-ਸਾਲਾਹ ਜਿਸ (ਪਰਮਾਤਮਾ) ਦੀ ਹੈ ਉਸ (ਪਰਮਾਤਮਾ) ਵਿਚ (ਹੀ) ਲੀਨ ਰਹਿੰਦੀ ਹੈ (ਭਾਵ, ਜਿਵੇਂ ਪਰਮਾਤਮਾ ਬੇਅੰਤ ਹੈ ਤਿਵੇਂ ਸਿਫ਼ਤਿ-ਸਾਲਾਹ ਭੀ ਬੇਅੰਤ ਹੈ ਤਿਵੇਂ ਪਰਮਾਤਮਾ ਦੇ ਗੁਣ ਭੀ ਬੇਅੰਤ ਹਨ) ।
ਹੇ ਪ੍ਰਭੂ! ਤੇਰੇ ਗੁਣਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ ।
ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ ।੧।ਰਹਾਉ ।
ਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।
ਜਿਸ ਮਨੁੱਖ ਦੇ ਪਾਸ ਗੁਰੂ ਦਾ ਸ਼ਬਦ-ਰੂਪ ਮਸਾਲਾ ਹੈ (ਉਸ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਉਸ ਦੇ) ਮਨ ਵਿਚ ਤੂੰ ਆ ਵੱਸਦਾ ਹੈਂ ।
ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ ਹਨ, ਜੀਵ ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ ।੧ ।
ਜਿਸ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ ਉਥੇ ਸਤਸੰਗਤਿ ਬਣ ਜਾਂਦੀ ਹੈ (ਕਿਉਂਕਿ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਵੱਸਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾਂਦਾ ਹੈ ।
ਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ, ਉਸ ਵਿਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ ।੨ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ, ਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਭਗਤੀ ਦੀ ਬਰਕਤਿ ਨਾਲ ਪ੍ਰਭੂ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ ।੩ ।
ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤਿ-ਸਾਲਾਹ ਦੀ) ਦਾਤਿ ਦੇਂਦਾ ਹੈ ਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ।੪।੮।੨੮ ।
Follow us on Twitter Facebook Tumblr Reddit Instagram Youtube