ਗਉੜੀ ਗੁਆਰੇਰੀ ਮਹਲਾ ੩ ॥
ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥
ਸਚਿ ਨਿਵਾਸੁ ਕਰੇ ਸਚੁ ਸੋਇ ॥
ਸਚੀ ਬਾਣੀ ਜੁਗ ਚਾਰੇ ਜਾਪੈ ॥
ਸਭੁ ਕਿਛੁ ਸਾਚਾ ਆਪੇ ਆਪੈ ॥੧॥

ਕਰਮੁ ਹੋਵੈ ਸਤਸੰਗਿ ਮਿਲਾਏ ॥
ਹਰਿ ਗੁਣ ਗਾਵੈ ਬੈਸਿ ਸੁ ਥਾਏ ॥੧॥ ਰਹਾਉ ॥

ਜਲਉ ਇਹ ਜਿਹਵਾ ਦੂਜੈ ਭਾਇ ॥
ਹਰਿ ਰਸੁ ਨ ਚਾਖੈ ਫੀਕਾ ਆਲਾਇ ॥
ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥
ਬਿਨੁ ਨਾਵੈ ਦੁਖੀਆ ਚਲਿਆ ਰੋਇ ॥੨॥

ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥
ਗੁਰ ਕਿਰਪਾ ਤੇ ਸਚਿ ਸਮਾਇ ॥
ਸਾਚੇ ਰਾਤੀ ਗੁਰ ਸਬਦੁ ਵੀਚਾਰ ॥
ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥

ਨਾਮਿ ਸਮਾਵੈ ਜੋ ਭਾਡਾ ਹੋਇ ॥
ਊਂਧੈ ਭਾਂਡੈ ਟਿਕੈ ਨ ਕੋਇ ॥
ਗੁਰ ਸਬਦੀ ਮਨਿ ਨਾਮਿ ਨਿਵਾਸੁ ॥
ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥੪॥੩॥੨੩॥

Sahib Singh
ਸੁ = ਉਹ ।
ਸਚੁ = ਸਦਾ = ਥਿਰ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਜਾਪੈ = ਪਰਗਟ ਹੁੰਦੀ ਹੈ ।
ਆਪੈ = ਆਪਣੇ ਆਪ ਤੋਂ ।੧ ।
ਕਰਮੁ = ਮਿਹਰ ।
ਸਤਸੰਗਿ = ਸਤਸੰਗ ਵਿਚ ।
ਬੈਸਿ = ਬੈਠ ਕੇ ।
ਥਾਏ = ਥਾਇ, ਥਾਂ ਵਿਚ ।੧।ਰਹਾਉ ।
ਜਲਉ = ਸੜ ਜਾਏ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ, ਹੋਰ ਹੋਰ ਸੁਆਦ ਵਿਚ ।
ਆਲਾਇ = ਬੋਲਦੀ ਹੈ ।
ਬਿਨੁ ਬੂਝੈ = (ਹਰਿ ਰਸ ਦਾ ਸੁਆਦ) ਸਮਝਣ ਤੋਂ ਬਿਨਾ ।
ਰੋਇ = ਰੋ ਕੇ, ਦੁਖੀ ਹੋ ਕੇ ।੨ ।
ਰਸਨਾ = ਜੀਭ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।੩।ਭਾਂਡਾ—ਯੋਗ ਪਾਤਰ, ਸੁੱਧ ਹਿਰਦਾ ।
ਊਂਧੈ ਭਾਂਡੈ = ਹਿਰਦੇ ਵਿਚ, ਉਸ ਹਿਰਦੇ ਵਿਚ ਜੋ ਪ੍ਰਭੂ ਵਲੋਂ ਉਲਟਿਆ ਹੋਇਆ ਹੈ ।
ਨਾਮਿ ਨਿਵਾਸੁ = ਨਾਮਿ ਦਾ ਨਿਵਾਸੁ ।੪ ।
    
Sahib Singh
(ਜਿਸ ਮਨੁੱਖ ਉਤੇ ਪਰਮਾਤਮਾ ਦੀ) ਕਿਰਪਾ ਹੋਵੇ (ਉਸ ਨੂੰ ਉਹ) ਸਤਸੰਗ ਵਿਚ ਮਿਲਾਂਦਾ ਹੈ, ਉਸ ਥਾਂ ਵਿਚ ਉਹ ਮਨੁੱਖ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ।੧।ਰਹਾਉ ।
ਉਹ (ਸਤਸੰਗ) ਥਾਂ ਸੱਚਾ ਥਾਂ ਹੈ, (ਉਥੇ ਬੈਠਿਆਂ ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ (ਮਨੁੱਖ ਦਾ ਮਨ) ਨਿਵਾਸ ਕਰਦਾ ਹੈ (ਸਤ ਸੰਗ ਦੀ ਬਰਕਤਿ ਨਾਲ ਮਨੁੱਖ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ।
(ਸਤਸੰਗ ਵਿਚ ਰਹਿ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਚੌਹਾਂ ਜੁਗਾਂ ਵਿਚ ਪ੍ਰਸਿੱਧ ਹੋ ਜਾਂਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਇਹ ਸਾਰਾ ਆਕਾਰ ਸਦਾ-ਥਿਰ ਪ੍ਰਭੂ ਆਪ ਹੀ ਆਪਣੇ ਆਪ ਤੋਂ ਬਣਾਣ ਵਾਲਾ ਹੈ ।੧ ।
ਸੜ ਜਾਏ ਇਹ ਜੀਭ ਜੇ ਇਹ ਹੋਰ ਹੋਰ ਸੁਆਦਾਂ ਵਿਚ ਹੀ ਰਹਿੰਦੀ ਹੈ, ਜੇ ਇਹ ਪ੍ਰਭੂ ਦੇ ਨਾਮ ਦਾ ਸੁਆਦ ਤਾਂ ਨਹੀਂ ਚੱਖਦੀ, ਪਰ (ਨਿੰਦਾ ਆਦਿਕ ਦੇ) ਫਿੱਕੇ ਬੋਲ ਹੀ ਬੋਲਦੀ ਹੈ ।
ਪਰਮਾਤਮਾ ਦੇ ਨਾਮ ਦਾ ਸੁਆਦ ਸਮਝਣ ਤੋਂ ਬਿਨਾ ਮਨੁੱਖ ਦਾ ਮਨ ਫਿੱਕਾ (ਪ੍ਰੇਮ ਤੋਂ ਸੱਖਣਾ) ਹੋ ਜਾਂਦਾ ਹੈ, ਸਰੀਰ ਭੀ ਫਿੱਕਾ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਭੀ ਦੁਨੀਆ ਦੇ ਹੋਛੇ ਪਦਾਰਥਾਂ ਵਲ ਦੌੜਨ ਦੇ ਆਦੀ ਹੋ ਜਾਂਦੇ ਹਨ) ।
ਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਦੁਖੀ ਜੀਵਨ ਬਿਤੀਤ ਕਰਦਾ ਹੈ, ਦੁਖੀ ਹੋ ਕੇ ਹੀ ਇਥੋਂ ਆਖ਼ਰ ਚਲਾ ਜਾਂਦਾ ਹੈ ।੨ ।
(ਜਿਸ ਮਨੁੱਖ ਦੀ) ਜੀਭ ਨੇ ਹਰਿ-ਨਾਮ ਦਾ ਸੁਆਦ ਚੱਖਿਆ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਗਨ ਰਹਿੰਦਾ ਹੈ, ਗੁਰੂ ਦੀ ਮਿਹਰ ਨਾਲ ਉਹ ਸਦਾ-ਥਿਰ ਪ੍ਰਭੂ (ਦੀ ਸਿਫ਼ਤਿ-ਸਾਲਾਹ) ਵਿਚ ਰੰਗੀ ਰਹਿੰਦੀ ਹੈ, ਗੁਰੂ ਦਾ ਸ਼ਬਦ ਹੀ ਉਸ ਦੀ ਵਿਚਾਰ ਬਣਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਨਾਮ-ਜਲ ਦੀ ਪਵਿਤ੍ਰ ਧਾਰ ਪੀਂਦਾ ਹੈ ।੩ ।
(ਗੁਰੂ ਦੀ ਕਿਰਪਾ ਨਾਲ) ਜੇਹੜਾ ਹਿਰਦਾ ਸੁੱਧ ਹੋ ਜਾਂਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ।
ਪਰਮਾਤਮਾ ਵਲੋਂ ਉਲਟੇ ਹੋਏ ਹਿਰਦੇ ਵਿਚ ਕੋਈ ਗੁਣ ਨਹੀਂ ਟਿਕਦਾ ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ ।
ਹੇ ਨਾਨਕ! ਉਸ ਮਨੁੱਖ ਦਾ ਹਿਰਦਾ ਅਸਲ ਹਿਰਦਾ ਹੈ ਜਿਸ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਤਾਂਘ ਲੱਗੀ ਰਹਿੰਦੀ ਹੈ ।੪।੩।੨੩ ।
Follow us on Twitter Facebook Tumblr Reddit Instagram Youtube