ਗਉੜੀ ਬੈਰਾਗਣਿ ਮਹਲਾ ੧ ॥
ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥
ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥

ਮੈ ਬਨਜਾਰਨਿ ਰਾਮ ਕੀ ॥
ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥

ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥
ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥

ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥
ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥

ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥
ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥

Sahib Singh
ਬਨਿ = ਬਨ ਵਿਚ, ਜੰਗਲ ਵਿਚ ।
ਬਸਾ = ਮੈਂ ਵੱਸਾਂ ।
ਕੰਦ ਮੂਲ = ਭਾਵ, ਘਾਹ = ਬੂਟ (ਫਲ ਫੁੱਲ) ।
ਚੁਣਿ = ਚੁਣ ਕੇ ।
ਖਾਉ = ਮੈਂ ਖਾਵਾਂ ।
ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ।
ਵਾਰਿ ਵਾਰਿ = ਸਦਕੇ ਸਦਕੇ ।
ਹਉ = ਮੈਂ ।
ਜਾਉ = ਜਾਉਂ ।੧ ।
ਬਨਜਾਰਨਿ = ਵਣਜ ਕਰਨ ਵਾਲੀ ।
ਵਖਰੁ = ਸੌਦਾ ।੧।ਰਹਾਉ।ਅੰਬਿ—ਅੰਬ (ਦੇ ਬੂਟੇ) ਉੱਤੇ ।
ਸਹਜਿ = ਅਡੋਲ ਅਵਸਥਾ ਵਿਚ (ਟਿਕ ਕੇ,) ਮਸਤ ਹੋ ਕੇ ।
ਸਬਦ ਬੀਚਾਰੁ = ਸ਼ਬਦ ਦਾ ਵੀਚਾਰ ।
ਦਰਸਨਿ = ਦਰਸ਼ਨੀ, ਸੋਹਣਾ ।
ਰੂਪਿ = ਰੂਪ ਵਾਲਾ ।
ਅਪਾਰੁ = ਬੇਅੰਤ ਪ੍ਰਭੂ ।੨ ।
ਜਲਿ = ਜਲ ਵਿਚ ।
ਸਭਿ = ਸਾਰੇ ।
ਸਾਰਿ = ਸਾਰੇ, ਸੰਭਾਲਦਾ ਹੈ ।
ਉਰਵਾਰਿ = ਉਰਲੇ ਪਾਸੇ ।
ਪਾਰਿ = ਪਾਰਲੇ ਪਾਸੇ ।
ਪਸਾਰਿ = ਪਸਾਰ ਕੇ, ਖਿਲਾਰ ਕੇ ।੩ ।
ਨਾਗਨਿ = ਸਪਣੀ ।
ਧਰ = ਧਰਤੀ ਵਿਚ ।
ਜਿਨ = ਜਿਨ੍ਹਾਂ ਦੀ ।
ਜੋਤੀ = ਜੋਤਿ = ਸੂਰਪ ਪ੍ਰਭੂ ਵਿਚ ।੪ ।
    
Sahib Singh
(ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਂ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ ਤੇਰਾ ਨਾਮ ਮੇਰਾ ਸੌਦਾ ਬਣੇ, ਤੇਰੇ ਨਾਮ ਨੂੰ ਵਿਹਾਝਾਂ ।੧।ਰਹਾਉ ।
(ਹਰਣੀ ਜੰਗਲ ਵਿਚ ਘਾਹ-ਬੂਟ ਚੁਣ ਕੇ ਖਾਂਦੀ ਹੈ ਤੇ ਮੌਜ ਵਿਚ ਚੁੰਗੀਆਂ ਮਾਰਦੀ ਹੈ (ਹੇ ਪ੍ਰਭੂ! ਤੇਰਾ ਨਾਮ ਮੇਰੀ ਜਿੰਦ ਲਈ ਖ਼ੁਰਾਕ ਬਣੇ, ਜਿਵੇਂ ਹਰਣੀ ਲਈ ਕੰਦ-ਮੂਲ ਹੈ ।
ਮੈਂ ਤੇਰੇ ਨਾਮ-ਰਸ ਨੂੰ ਪ੍ਰੀਤ ਨਾਲ ਖਾਵਾਂ, ਮੈਂ ਸੰਸਾਰ-ਬਨ ਵਿਚ ਬੇ-ਮੁਥਾਜ ਹੋ ਕੇ ਵਿਚਰਾਂ ਜਿਵੇਂ ਹਰਣੀ ਜੰਗਲ ਵਿਚ ।
ਜੇ ਗੁਰੂ ਦੀ ਕਿ੍ਰਪਾ ਨਾਲ ਮੇਰਾ ਖਸਮ-ਪ੍ਰਭੂ ਮੈਨੂੰ ਮਿਲ ਪਏ, ਤਾਂ ਮੈਂ ਮੁੜ ਮੁੜ ਉਸ ਤੋਂ ਸਦਕੇ ਕੁਰਬਾਨ ਜਾਵਾਂ ।੧ ।
(ਕੋਇਲ ਦੀ ਅੰਬ ਨਾਲ ਪ੍ਰੀਤਿ ਪ੍ਰਸਿੱਧ ਹੈ ।
ਅੰਬ ਉਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ ।
ਜੇ ਮੇਰੀ ਪ੍ਰੀਤਿ ਪ੍ਰਭੂ ਨਾਮ ਉਹੋ ਜੇਹੀ ਹੋ ਜਾਏ ਜੈਸੀ ਕੋਇਲ ਦੀ ਅੰਬ ਨਾਲ ਹੈ ਤਾਂ) ਮੈਂ ਕੋਇਲ ਬਣਾਂ, ਅੰਬ ਉਤੇ ਬੈਠਾਂ (ਭਾਵ ਪ੍ਰਭੂ-ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ) ਤੇ ਮਸਤ ਅਡੋਲ ਹਾਲਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਵਿਚਾਰ ਕਰਾਂ (ਸ਼ਬਦ ਵਿਚ ਚਿੱਤ ਜੋੜਾਂ) ।
ਮਸਤ ਅਡੋਲ ਅਵਸਥਾ ਵਿਚ ਟਿਕਿਆਂ, ਪ੍ਰੇਮ ਵਿਚ ਜੁੜਿਆਂ ਹੀ ਪਿਆਰਾ ਦਰਸ਼ਨੀ ਸੋਹਣਾ ਬੇਅੰਤ ਪ੍ਰਭੂ-ਪਤੀ ਮਿਲਦਾ ਹੈ ।੨ ।
(ਮੱਛੀ ਪਾਣੀ ਤੋਂ ਬਿਨਾ ਨਹੀਂ ਜਿਊ ਸਕਦੀ ।
ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਮੱਛੀ ਬਣਾਂ, ਸਦਾ ਉਸ ਜਲ-ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ-ਜੰਤਾਂ ਦੀ ਸੰਭਾਲ ਕਰਦਾ ਹੈ ।
ਪਿਆਰਾ ਪ੍ਰਭੂ-ਪਤੀ (ਇਸ ਸੰਸਾਰ-ਸਮੁੰਦਰ ਦੇ ਅਸਗਾਹ ਜਲ ਦੇ) ਉਰਲੇ ਪਾਰਲੇ ਪਾਸੇ (ਹਰ ਥਾਂ) ਵੱਸਦਾ ਹੈ (ਜਿਵੇਂ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਪਾਣੀ ਵਿਚ ਤਾਰੀਆਂ ਲਾਂਦੀ ਹੈ) ਮੈਂ (ਭੀ) ਆਪਣੀਆਂ ਬਾਹਾਂ ਖਿਲਾਰ ਕੇ (ਭਾਵ, ਨਿਸੰਗ ਹੋ ਕੇ) ਉਸ ਨੂੰ ਮਿਲਾਂਗੀ ।੩ ।
(ਸਪਣੀ ਬੀਨ ਉੱਤੇ ਮਸਤ ਹੁੰਦੀ ਹੈ ।
ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਸਪਣੀ ਬਣਾਂ, ਧਰਤੀ ਵਿਚ ਵੱਸਾਂ (ਭਾਵ, ਸਭ ਦੀ ਚਰਨ-ਧੂੜ ਹੋਵਾਂ, ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ) ਗੁਰ-ਸ਼ਬਦ ਵੱਸੇ (ਜਿਵੇਂ ਬੀਨ ਵਿਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁੱਧ-ਬੁੱਧ ਭੁਲ ਜਾਂਦੀ ਹੈ) ਮੇਰਾ ਭੀ (ਦੁਨੀਆ ਵਾਲਾ ਸਾਰਾ) ਡਰ-ਭਉ ਦੂਰ ਹੋ ਜਾਏ ।
ਹੇ ਨਾਨਕ! ਜਿਨ੍ਹਾਂ ਜੀਵ-ਇਸਤ੍ਰੀਆਂ ਦੀ ਜੋਤਿ (ਸੁਰਤਿ) ਸਦਾ ਜੋਤਿ-ਰੂਪ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ ।੪।੨।੧੯ ।
Follow us on Twitter Facebook Tumblr Reddit Instagram Youtube