ਗਉੜੀ ਚੇਤੀ ਮਹਲਾ ੧ ॥
ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥
ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥

ਮਨ ਏਕੋ ਸਾਹਿਬੁ ਭਾਈ ਰੇ ॥
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥

ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥
ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥

ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥
ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥

ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥
ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥

Sahib Singh
ਅਉਖਧ = ਦਵਾਈ ।
ਅਉਖਧ ਮੂਲੁ = ਦਵਾਈਆਂ ਦਾ ਮੂਲ, ਸਭ ਤੋਂ ਵਧੀਆ ਦਵਾਈ ।
ਮੰਤ੍ਰ ਮੂਲੁ = ਸਭ ਤੋਂ ਵਧੀਆ ਮੰਤ੍ਰ ।
ਏਕੈ = ਇਕ ਹੀ, ਪਰਮਾਤਮਾ ਦਾ ਨਾਮ ਹੀ ।
ਦਿ੍ਰੜੁ = ਪੱਕਾ ।
ਰੇ = ਹੇ ਭਾਈ !
ਪਾਪ ਕਰਮ = ਮੰਦੇ ਕੰਮ, ਵਿਕਾਰ ।੧ ।
ਭਾਈ ਰੇ = ਹੇ ਭਾਈ !
ਮਨ ਸਾਹਿਬੁ = ਮਨ ਦਾ ਖਸਮ, ਮਨ ਨੂੰ ਵਿਕਾਰਾਂ ਵਲੋਂ ਬਚਾ ਕੇ ਰੱਖਣ ਵਾਲਾ ਮਾਲਕ ।
ਤੀਨਿ ਗੁਣਾ = ਤਿੰਨੇ ਗੁਣ, ਤਿੰਨਾਂ ਗੁਣਾਂ ਵਿਚ ਪਰਵਿਰਤ ਸਰੀਰਕ ਇੰਦ੍ਰੇ ।
ਸੰਸਾਰਿ ਸਮਾਵਹਿ = ਸੰਸਾਰ ਵਿਚ ਰੁੱਝੇ ਹੋਏ ਹਨ ।੧।ਰਹਾਉ।ਤਨਿ—ਤਨ ਵਿਚ ।
ਪੰਡ = ਮਾਇਆ ਦੀ ਪੰਡ ।
ਉਚਾਈ = ਚੁੱਕੀ ਹੋਈ ਹੈ ।
ਲਜੁ = ਉਮਰ ਦੀ ਲੱਜ ।
ਮੂਸਾ = ਚੂਹਾ, ਜਮ, ਬੀਤ ਰਿਹਾ ਸਮਾ ।੨ ।
ਮਨਮੁਖਿ = ਜਿਨ੍ਹਾਂ ਦਾ ਮੁਖ ਆਪਣੇ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ ।
ਤੇਤਾ = ਉਤਨਾ ਹੀ ।
ਤਿਨਿ = ਉਸ (ਪਰਮਾਤਮਾ) ਨੇ ।
ਕਿਰਤੁ = ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਸਮੂਹ ।੩ ।
ਸੁਭਰ = ਨਕਾ = ਨਕ ।
ਪੰਕ = ਚਰਨ = ਧੂੜ ।
ਮੂੜਾ = ਮੂਰਖ ।੪ ।
    
Sahib Singh
ਹੇ ਭਾਈ! ਜੇ ਤੂੰ ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂਦਾ ਰਹੇਂ, ਜੇ ਤੂੰ (ਉਸ ਨਾਮ ਦੇ ਸਿਮਰਨ ਵਿਚ) ਆਪਣੇ ਚਿੱਤ ਨੂੰ ਪੱਕਾ ਕਰ ਲਏਂ, ਤਾਂ (ਤੈਨੂੰ ਯਕੀਨ ਆ ਜਾਇਗਾ ਕਿ) ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ, ਮਨ ਨੂੰ ਵੱਸ ਵਿਚ ਕਰਨ ਵਾਲਾ ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ ।੧ ।
ਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ (ਉਸ ਦੇ ਗੁਣ ਪਛਾਣ), ਪਰ ਜਿਤਨਾ ਚਿਰ ਤੇਰੇ ਤਿ੍ਰਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ ।੧।ਰਹਾਉ ।
ਹੇ ਭਾਈ! ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ (ਹਰ ਵੇਲੇ ਸਿਰ ਉਤੇ) ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ, (ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ) ।੨ ।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ ।
(ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ ।
ਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ (ਉਸ ਨਿਯਮ ਅਨੁਸਾਰ) ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ (ਜੋ ਸਾਡੇ ਮਨ ਵਿਚ ਟਿਕਿਆ ਪਿਆ ਹੈ, ਆਪਣੇ ਹੀ ਮਨ ਦੇ ਪਿੱਛੇ ਤੁਰਿਆਂ) ਮਿਟਾਇਆ ਨਹੀਂ ਜਾ ਸਕਦਾ ।੩ ।
ਨਾਨਕ (ਆਖਦਾ ਹੈ) ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ ।
ਜੇ (ਸਾਡਾ) ਮੂਰਖ (ਮਨ) ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ ।੪।੪।੧੬ ।
Follow us on Twitter Facebook Tumblr Reddit Instagram Youtube