ਗਉੜੀ ਚੇਤੀ ਮਹਲਾ ੧ ॥
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥

ਸ੍ਰੀ ਰਾਮ ਨਾਮਾ ਉਚਰੁ ਮਨਾ ॥
ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥

ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥

ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥

ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥

Sahib Singh
ਅਵਰਿ = {ਲਫ਼ਜ਼ ‘ਅਵਰ’ ਤੋਂ ਬਹੁ-ਵਚਨ} ਹੋਰ, ਵਿਰੋਧੀ, ਦੁਸ਼ਮਨ ।
ਪੰਚ = ਪੰਜ ।
ਹਮ = ਮੈਂ ।
ਏਕ ਜਨਾ = ਇਕੱਲਾ ।
ਕਿਉ ਰਾਖਉ = ਮੈਂ ਕਿਵੇਂ ਬਚਾਵਾਂ ?
ਘਰ ਬਾਰੁ = ਘਰ ਘਾਟ, ਸਾਰਾ ਘਰ ।
ਮਨਾ = ਹੇ ਮੇਰੇ ਮਨ !
ਨੀਤ ਨੀਤ = ਸਦਾ ਹੀ ।
ਕਰੀ = ਕਰੀਂ, ਮੈਂ ਕਰਾਂ ।
ਜਨਾ = ਹੇ ਭਾਈ !
    ।੧ ।
ਉਚਰੁ = ਉਚਾਰ, ਬੋਲ ।
ਆਗੈ = ਸਾਹਮਣੇ ।
ਜਮ ਦਲੁ = ਜਮ ਦਾ ਦਲ, ਜਮ ਦੀ ਫ਼ੌਜ ।
ਬਿਖਮੁ = ਅੌਖਾ (ਕਰਨ ਵਾਲਾ) ।
ਘਨਾ = ਬਹੁਤ ।੧।ਰਹਾਉ ।
ਮੜੋਲੀ = ਸਰੀਰ = ਮਠ ।
ਉਸਾਰਿ = ਉਸਾਰ ਕੇ ।
ਦੁਆਰਾ = ਦਰਵਾਜ਼ੇ (ਕੰਨ ਨੱਕ ਆਦਿਕ) ।
ਭੀਤਰਿ = ਵਿਚ ।
ਸਾ ਧਨਾ = ਜੀਵ = ਇਸਤ੍ਰੀ ।
ਅੰਮਿ੍ਰਤ = ਆਪਣੇ ਆਪ ਨੂੰ ਅਮਰ ਜਾਣਨ ਵਾਲੀ ।
ਕੇਲ = ਚੋਜ = ਤਮਾਸ਼ੇ, ਰੰਗ-ਰਲੀਆਂ ।
ਕਾਮਣਿ = ਜਿੰਦ = ਇਸਤ੍ਰੀ ।
ਲੁਟੇਨਿ = ਲੁੱਟਦੇ ਰਹਿੰਦੇ ਹਨ ।
ਸੁ = ਉਹ ।
ਪੰਚ ਜਨਾ = ਪੰਜੇ ਜਣੇ, ਕਾਮਾਦਿਕ ਪੰਜੇ ।੨ ।
ਦੇਹੁਰਾ = ਮੰਦਰ ।
ਏਕ ਜਨਾ = ਇਕੱਲੀ ।
ਜਮ ਡੰਡਾ = ਜਮ ਦਾ ਡੰਡਾ ।
ਗਲਿ = ਗਲ ਵਿਚ ।੩ ।
ਕਾਮਣਿ = ਵਹੁਟੀ ।
ਰੁਪਾ = ਚਾਂਦੀ ।
ਲੁੜੇਨਿ = ਲੋੜਦੇ ਹਨ, ਮੰਗਦੇ ਹਨ ।
ਖਾਧਾਤਾ = ਖਾਣ ਦੇ ਪਦਾਰਥ ।
ਤਿਨ ਕਾਰਣਿ = ਇਹਨਾਂ ਇਸਤ੍ਰੀ ਮਿਤ੍ਰਾਂ ਦੀ ਖ਼ਾਤਰ ।
ਜਾਸੀ = ਜਾਵੇਗਾ ।
ਜਮਪੁਰਿ = ਜਮ ਦੀ ਨਗਰੀ ਵਿਚ ।
ਬਾਧਾਤਾ = ਬੱਝਾ ਹੋਇਆ ।੪।ਨੋਟ:- ਅੰਕ “੪।੨।੧੪” ਵਿਚੋਂ ਅੰਕ ੨ ਦਾ ਭਾਵ ਇਹ ਹੈ ਕਿ ‘ਗਉੜੀ ਚੇਤੀ’ ਦਾ ਇਹ ਦੂਜਾ ਸ਼ਬਦ ਹੈ ।
    “ਗਉੜੀ” ਦੇ ਕੁੱਲ ਸ਼ਬਦ ਹੁਣ ਤਕ ੧੪ ਹੋ ਗਏ ਹਨ ।
    
Sahib Singh
ਹੇ ਮੇਰੇ ਮਨ! ਮੇਰੇ ਵੈਰੀ (ਕਾਮਾਦਿਕ) ਪੰਜ ਹਨ, ਮੈਂ ਇਕੱਲਾ ਹਾਂ, ਮੈਂ (ਇਹਨਾਂ ਤੋਂ) ਸਾਰਾ ਘਰ (ਭਾਵ, ਭਲੇ ਗੁਣ) ਕਿਵੇਂ ਬਚਾਵਾਂ ?
ਹੇ ਭਾਈ! ਇਹ ਪੰਜੇ ਮੈਨੂੰ ਨਿੱਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ, ਮੈਂ ਕਿਸ ਦੇ ਪਾਸ ਸ਼ਿਕਾਇਤ ਕਰਾਂ ?
।੧ ।
ਹੇ ਮਨ! ਪਰਮਾਤਮਾ ਦਾ ਨਾਮ ਸਿਮਰ, ਸਾਹਮਣੇ ਜਮਰਾਜ ਦੀ ਭਾਰੀ ਤਕੜੀ ਫ਼ੌਜ ਦਿੱਸ ਰਹੀ ਹੈ (ਭਾਵ, ਮੌਤ ਆਉਣ ਵਾਲੀ ਹੈ) ।੧।ਰਹਾਉ ।
ਪਰਮਾਤਮਾ ਨੇ ਇਹ ਸਰੀਰ ਬਣਾ ਕੇ (ਇਸ ਦੇ ਕੰਨ ਨੱਕ ਆਦਿਕ) ਦਸ ਦਰਵਾਜ਼ੇ ਬਣਾ ਦਿੱਤੇ ।
(ਉਸ ਦੇ ਹੁਕਮ ਅਨੁਸਾਰ) ਇਸ ਸਰੀਰ ਵਿਚ ਜਿੰਦ-ਇਸਤ੍ਰੀ ਆ ਟਿਕੀ ।
ਪਰ ਇਹ ਜੀਵ-ਇਸਤ੍ਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ (ਦੁਨੀਆ ਵਾਲੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈ, ਤੇ ਉਹ ਵੈਰੀ ਕਾਮਾਦਿਕ ਪੰਜੇ ਜਣੇ (ਅੰਦਰੋਂ ਭਲੇ ਗੁਣ) ਲੁੱਟਦੇ ਰਹਿੰਦੇ ਹਨ ।੨।(ਜਮ ਦੀ ਫ਼ੌਜ ਨੇ ਆਖ਼ਰ) ਸਰੀਰ-ਮਠ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ ।
ਜਮ ਦਾ ਡੰਡਾ ਸਿਰ ਉਤੇ ਵੱਜਾ, ਜਮ ਦਾ ਸੰਗਲ ਗਲ ਵਿਚ ਪਿਆ, ਉਹ (ਲੁੱਟਣ ਵਾਲੇ) ਪੰਜੇ ਜਣੇ ਭੱਜ ਗਏ (ਸਾਥ ਛੱਡ ਗਏ) ।੩ ।
(ਸਾਰੀ ਉਮਰ ਜਦ ਤਕ ਜੀਵ ਜੀਊਂਦਾ ਰਿਹਾ) ਵਹੁਟੀ ਸੋਨਾ ਚਾਂਦੀ (ਦੇ ਗਹਿਣੇ) ਮੰਗਦੀ ਰਹਿੰਦੀ ਹੈ, ਸਨਬੰਧੀ ਮਿਤ੍ਰ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਹਨ, ਹੇ ਨਾਨਕ! ਇਹਨਾਂ ਦੀ ਹੀ ਖ਼ਾਤਰ ਜੀਵ ਪਾਪ ਕਰਦਾ ਰਹਿੰਦਾ ਹੈ, ਆਖ਼ਰ (ਪਾਪਾਂ ਦੇ ਕਾਰਨ) ਬੱਝਾ ਹੋਇਆ ਜਮ ਦੀ ਨਗਰੀ ਵਿਚ ਧੱਕਿਆ ਜਾਂਦਾ ਹੈ ।੪।੨।੧੪ ।
Follow us on Twitter Facebook Tumblr Reddit Instagram Youtube