ਗਉੜੀ ਮਹਲਾ ੧ ॥
ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥
ਅਨ ਭੈ ਵਿਸਰੇ ਨਾਮਿ ਸਮਾਇਆ ॥੧॥

ਕਿਆ ਡਰੀਐ ਡਰੁ ਡਰਹਿ ਸਮਾਨਾ ॥
ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥

ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥
ਸਹਜਿ ਸੁਭਾਇ ਮਿਲੇ ਸਾਬਾਸਿ ॥੨॥

ਜਾਹਿ ਸਵਾਰੈ ਸਾਝ ਬਿਆਲ ॥
ਇਤ ਉਤ ਮਨਮੁਖ ਬਾਧੇ ਕਾਲ ॥੩॥

ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥
ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥

Sahib Singh
ਜਿਨਿ = ਜਿਸ (ਜੀਵ) ਨੇ ।
ਅਕਥੁ = (ਉਹ ਪ੍ਰਭੂ) ਜਿਸ ਦੇ ਸਾਰੇ ਗੁਣ ਬਿਆਨ ਨ ਹੋ ਸਕਣ ।
ਕਹਾਇਆ = ਕਹਿਆ ਤੇ ਕਹਾਇਆ, ਆਪ ਸਿਮਰਿਆ ਤੇ ਹੋਰਨਾਂ ਨੂੰ ਸਿਮਰਨ ਦੀ ਪ੍ਰੇਰਨਾ ਕੀਤੀ ।
ਅਪਿਓ = ਅੰਮਿ੍ਰਤ = ਨਾਮ ।
ਪੀਆਇਆ = ਪੀਆ ਤੇ ਪੀਆਇਆ, ਆਪ ਪੀਤਾ ਤੇ ਹੋਰਨਾਂ ਨੂੰ ਪਿਲਾਇਆ ।
ਅਨ ਭੈ = (ਦੁਨੀਆ ਵਾਲੇ) ਹੋਰ ਹੋਰ ਡਰ ।੧ ।
ਕਿਆ ਡਰੀਐ = ਡਰਨ ਦੀ ਲੋੜ ਨਹੀਂ ਰਹਿੰਦੀ, ਨਹੀਂ ਡਰਦਾ ।
ਡਰੁ = (ਦੁਨੀਆ ਵਾਲਾ) ਡਰ ।
ਡਰਹਿ = ਡਰ ਵਿਚ, ਪਰਮਾਤਮਾ ਦੇ ਡਰ-ਅਦਬ ਵਿਚ ।
ਪਛਾਨਾ = ਜਿਸ ਨੇ ਪਛਾਣ ਲਿਆ, ਜਿਸ ਨੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ।੧।ਰਹਾਉ ।
ਜਿਸੁ ਨਰ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ ।
ਸਹਜਿ = ਸਹਜ ਵਿਚ (ਟਿਕੇ ਰਹਿ ਕੇ), ਅਡੋਲ ਅਵਸਥਾ ਵਿਚ (ਟਿਕੇ ਰਹਿਣ ਦੇ ਕਾਰਨ) ।
ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿਣ ਕਰਕੇ) ।੨ ।
ਜਾਹਿ = ਜਿਨ੍ਹਾਂ ਬੰਦਿਆਂ ਨੂੰ ।
ਸਵਾਰੈ = ਸਵਾਲੈ, ਮਾਇਆ ਦੀ ਨੀਂਦ ਵਿਚ ਸੁੱਤੇ ਰੱਖਦਾ ਹੈ ।
ਸਾਝ = ਸ਼ਾਮ ।
ਬਿਆਲ = ਸਵੇਰੇ ।
ਸਾਝ ਬਿਆਲ = ਸਵੇਰੇ ਸ਼ਾਮ, ਹਰ ਵੇਲੇ ।
ਇਤ = ਇਥੇ, ਇਸ ਲੋਕ ਵਿਚ ।
ਉਤੇ = ਉੱਥੇ, ਪਰਲੋਕ ਵਿਚ ।
ਬਾਧੇ ਕਾਲ = ਮੌਤ (ਦੇ ਸਹਮ) ਦੇ ਬੱਝੇ ਹੋਏ ।੩ ।
ਅਹਿ = ਦਿਨ ।
ਨਿਸਿ = ਰਾਤ ।
ਰਿਦੈ = ਹਿਰਦੇ ਵਿਚ ।
ਪੂਰੇ = ਪੂਰਨ ।
ਭ੍ਰਮ = ਭਟਕਣਾ ।੪ ।
    
Sahib Singh
ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ ।੧।ਰਹਾਉ।(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮਿ੍ਰਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ ।
ਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ ।੧ ।
ਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ, ਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ ।੨ ।
(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ, ਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ।੩ ।
ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ) ।
ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ ।੪।੧੧ ।
Follow us on Twitter Facebook Tumblr Reddit Instagram Youtube