ਗਉੜੀ ਮਹਲਾ ੧ ॥
ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥
ਮਰਣ ਰਹਣ ਰਸੁ ਅੰਤਰਿ ਭਾਏ ॥
ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥

ਮਰਣੁ ਲਿਖਾਇ ਆਏ ਨਹੀ ਰਹਣਾ ॥
ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥

ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥
ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥
ਜੀਵਤੁ ਮਰੈ ਮਹਾ ਰਸੁ ਆਗੈ ॥੨॥

ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥
ਗੁਰ ਕੀ ਪਉੜੀ ਊਚੋ ਊਚਾ ॥
ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥

ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥
ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥
ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥

Sahib Singh
ਸੁ ਮਰਣੁ = ਉਹ ਮੌਤ, (ਵਿਕਾਰਾਂ ਵਲੋਂ) ਉਹ ਮੌਤ ।
ਮਰਣੁ ਦਿਖਾਏ = ਵਿਕਾਰਾਂ ਵਲੋਂ ਮੌਤ ਵਿਖਾ ਦੇਂਦਾ ਹੈ, ਵਿਕਾਰਾਂ ਵਲੋਂ ਮੌਤ ਜ਼ਿੰਦਗੀ ਦੇ ਤਜਰਬੇ ਵਿਚ ਲਿਆ ਦੇਂਦਾ ਹੈ ।
ਮਰਣੁ ਰਸੁ = (ਜਿਸ) ਮੌਤ ਦਾ ਆਨੰਦ, ਵਿਕਾਰਾਂ ਵਲੋਂ ਜਿਸ ਮੌਤ ਦਾ ਆਨੰਦ ।
ਅੰਤਰਿ = ਹਿਰਦੇ ਵਿਚ ।
ਭਾਏ = ਪਿਆਰਾ ਲਗਦਾ ਹੈ ।
ਗਰਬੁ = ਅਹੰਕਾਰ, (ਧਰਤੀ ਦੇ ਪਦਾਰਥਾਂ ਦਾ) ਅਹੰਕਾਰ ।
ਗਗਨ ਪੁਰੁ = ਆਕਾਸ਼ ਦਾ ਸ਼ਹਰ, ਉਹ ਸ਼ਹਰ ਜਿੱਥੇ ਸੁਰਤਿ ਆਕਾਸ਼ ਵਿਚ ਚੜ੍ਹੀ ਰਹੇ, ਉਹ ਆਤਮਕ ਅਵਸਥਾ ਜਿਥੇ ਸੁਰਤਿ ਉੱਚੀਆਂ ਆਤਮਕ ਉਡਾਰੀਆਂ ਲਾਂਦੀ ਰਹੇ ।੧ ।
ਮਰਣੁ = ਮੌਤ, ਸਰੀਰ ਦੀ ਮੌਤ ।
ਨਹੀ ਰਹਣਾ = ਸਰੀਰਕ ਤੌਰ ਤੇ ਸਦਾ ਨਹੀਂ ਟਿਕੇ ਰਹਿਣਾ ।
ਜਪਿ = ਜਪ ਕੇ, ਸਿਮਰ ਕੇ ।
ਜਾਪਿ = ਜਾਪ ਕੇ, ਜਾਪ ਕਰ ਕੇ ।
ਰਹਣੁ = ਰਿਹਾਇਸ਼, ਸਦਾ ਦੀ ਰਿਹਾਇਸ਼, ਸਦੀਵੀ ਆਤਮਕ ਜੀਵਨ ।੧।ਰਹਾਉ ।
ਦੁਬਿਧਾ = ਦੁਚਿੱਤਾ = ਪਨ, ਮੇਰ-ਤੇਰ ।
ਕਮਲੁ = ਹਿਰਦੇ ਦਾ ਕੌਲ ਫੁੱਲ ।
ਬਿਗਾਸਿ = ਖਿੜ ਕੇ ।
ਜੀਵਤੁ = ਜੀਊਂਦਾ ਹੀ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ।
ਮਰੈ = ਮਾਇਆ ਦੇ ਮੋਹ ਵਲੋਂ ਮਰੇ ।
ਆਗੈ = ਸਾਹਮਣੇ, ਪਰਤੱਖ ।੨ ।
ਸਤਿਗੁਰਿ ਮਿਲਿਐ = ਜੇ ਸਤਿਗੁਰੂ ਮਿਲ ਪਏ ।
ਸਚ ਸੰਜਮਿ = ਸੱਚ ਦੇ ਸੰਜਮ ਵਿਚ (ਰਹਿ ਕੇ), ਸਿਮਰਨ ਦੀ ਜੁਗਤਿ ਵਿਚ ਰਹਿ ਕੇ ।
ਸੂਚਾ = ਪਵਿਤ੍ਰ ।
ਪਉੜੀ = ਸਿਮਰਨ = ਰੂਪ ਪੌੜੀ ।
ਊਚੋ ਊਚਾ = ਉੱਚਾ ਹੀ ਉੱਚਾ ।
ਕਰਮਿ = ਪ੍ਰਭੂ ਦੀ ਮਿਹਰ ਨਾਲ ।
ਮੂਚਾ = ਮੁੱਕ ਜਾਂਦਾ ਹੈ ।੩।ਮਿਲਿ—(ਪ੍ਰਭੂ ਦੀ ਯਾਦ ਵਿਚ) ਜੁੜ ਕੇ ।
ਅੰਕਿ = ਪ੍ਰਭੂ ਦੇ ਅੰਕ ਵਿਚ, ਪ੍ਰਭੂ ਦੇ ਚਰਨਾਂ ਵਿਚ ।
ਮਹਲੁ = ਪ੍ਰਭੂ ਦਾ ਨਿਵਾਸ = ਥਾਂ, ਉਹ ਅਵਸਥਾ ਜਿਥੇ ਪ੍ਰਭੂ ਦਾ ਮਿਲਾਪ ਹੋ ਜਾਏ ।
ਮਾਰਿ = ਮਾਰ ਕੇ ।੪ ।
    
Sahib Singh
(ਹੇ ਭਾਈ! ਸਾਰੇ ਜੀਵ ਸਰੀਰਕ) ਮੌਤ-ਰੂਪ ਹੁਕਮ (ਪ੍ਰਭੂ ਦੀ ਹਜ਼ੂਰੀ ਵਿਚੋਂ) ਲਿਖਾ ਕੇ ਜੰਮਦੇ ਹਨ (ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) ।
ਸੋ, ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ ।
(ਹਾਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ ।੧।ਰਹਾਉ ।
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ (ਵਿਕਾਰਾਂ ਵਲੋਂ ਉਹ ਮੌਤ ਉਸ ਦੇ ਜੀਵਨ-ਤਜਰਬੇ ਵਿਚ ਲਿਆ ਦੇਂਦਾ ਹੈ) ਜਿਸ ਮੌਤ ਦਾ ਆਨੰਦ (ਤੇ ਉਸ ਤੋਂ ਪੈਦਾ ਹੋਏ) ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਪੈਂਦਾ ਹੈ ।
ਉਹ ਮਨੁੱਖ (ਸਰੀਰ ਆਦਿਕ ਦਾ) ਅਹੰਕਾਰ ਦੂਰ ਕਰ ਕੇ ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤਿ ਉੱਚੀਆਂ ਉਡਾਰੀਆਂ ਲਾਂਦੀ ਰਹੇ ।੧ ।
ਜੇ ਸਤਿਗੁਰੂ ਮਿਲ ਪਏ, ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ, ਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ ।੨ ।
ਜੇ ਗੁਰੂ ਮਿਲ ਪਏ, ਤਾਂ ਮਨੁੱਖ ਸਿਮਰਨ ਦੀ ਜੁਗਤਿ ਵਿਚ ਰਹਿ ਕੇ ਪਵਿਤ੍ਰ-ਆਤਮਾ ਹੋ ਜਾਂਦਾ ਹੈ ।
ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ (ਆਤਮਕ ਜੀਵਨ ਵਿਚ) ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ ।
(ਪਰ ਇਹ ਸਿਮਰਨ ਪ੍ਰਭੂ ਦੀ) ਮਿਹਰ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮੌਤ ਦਾ ਡਰ ਲਹਿ ਜਾਂਦਾ ਹੈ ।੩ ।
ਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ ।
ਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਵਿਖਾ ਦੇਂਦਾ ਹੈ ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ ।
ਹੇ ਨਾਨਕ! ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ ।੪।੯ ।
Follow us on Twitter Facebook Tumblr Reddit Instagram Youtube