ਗਉੜੀ ਮਹਲਾ ੧ ॥
ਮਾਤਾ ਮਤਿ ਪਿਤਾ ਸੰਤੋਖੁ ॥
ਸਤੁ ਭਾਈ ਕਰਿ ਏਹੁ ਵਿਸੇਖੁ ॥੧॥

ਕਹਣਾ ਹੈ ਕਿਛੁ ਕਹਣੁ ਨ ਜਾਇ ॥
ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥

ਸਰਮ ਸੁਰਤਿ ਦੁਇ ਸਸੁਰ ਭਏ ॥
ਕਰਣੀ ਕਾਮਣਿ ਕਰਿ ਮਨ ਲਏ ॥੨॥

ਸਾਹਾ ਸੰਜੋਗੁ ਵੀਆਹੁ ਵਿਜੋਗੁ ॥
ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥

Sahib Singh
ਨੋਟ: = ਇਸ ਸ਼ਬਦ ਵਿਚ ਜੀਵ-ਇਸਤ੍ਰੀ ਤੇ ਪ੍ਰਭੂ-ਪਤੀ ਦੇ ਜੋਗ (ਮਿਲਾਪ) ਦਾ ਜ਼ਿਕਰ ਹੈ ।
ਮਤਿ = ਉੱਚੀ ਮਤਿ ।
ਸਤੁ = ਦਾਨ, ਖ਼ਲਕਤ ਦੀ ਸੇਵਾ ।
ਵਿਸੇਖੁ = ਉਚੇਚਾ ।
ਏਹੁ ਸਤੁ ਵਿਸੇਖੁ ਭਾਈ = ਇਸ ਦਾਨ (ਖਲਕ-ਸੇਵਾ) ਨੂੰ ਉਚੇਚਾ ਭਰਾ ।
ਕਰਿ = ਕਰੇ, ਬਣਾਏ ।੧ ।
ਕਹਣਾ ਹੈ = (ਰਤਾ = ਮਾਤ੍ਰ) ਬਿਆਨ ਹੈ ।
ਤਉ = ਤੇਰੀ ।੧।ਰਹਾਉ ।
ਸਰਮ = ਮਿਹਨਤ, ਉੱਦਮ ।
ਦੁਇ = ਦੋਵੇਂ (ਉੱਦਮ ਅਤੇ ਉੱਚੀ ਸੁਰਤਿ) ।
ਸਸੁਰ = ਸਹੁਰਾ ਅਤੇ ਸੱਸ ।
ਕਰਣੀ = ਸੁਚੱਜੀ ਜ਼ਿੰਦਗੀ ।
ਕਾਮਣਿ = ਇਸਤ੍ਰੀ ।
ਮਨ = ਹੇ ਮਨ !
ਕਰਿ ਲਏ = (ਜੀਵ) ਬਣਾ ਲਏ ।੨ ।
ਸਾਹਾ = ਵਿਆਹ ਵਾਸਤੇ ਸੋਧਿਆ ਹੋਇਆ ਮੁਹੂਰਤ ।
ਸੰਜੋਗੁ = ਮਿਲਾਪ, ਸਤ = ਸੰਗ ।
ਵਿਜੋਗੁ = ਦੁਨੀਆ ਵਲੋਂ ਵਿਛੋੜਾ, ਨਿਰਮੋਹਤਾ ।
ਸੰਤਤਿ = ਸੰਤਾਨ ।
ਜੋਗੁ = ਮਿਲਾਪ, ਪ੍ਰਭੂ = ਮਿਲਾਪ ।੩ ।
    
Sahib Singh
ਹੇ ਪ੍ਰਭੂ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ, (ਕਿਉਂਕਿ) ਹੇ ਪ੍ਰਭੂ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ—ਇਹ ਦੱਸਿਆ ਨਹੀਂ ਜਾ ਸਕਦਾ) ।੧।ਰਹਾਉ।ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ), ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ)।੧।; ਉੱਦਮ ਅਤੇ ਉੱਚੀ ਸੁਰਤਿ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ; ਤੇ ਹੇ ਮਨ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ ।੨।; ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ), ਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ੍ਰੀ ਦੀ) ਸੰਤਾਨ ਹੈ ।
ਹੇ ਨਾਨਕ! ਆਖ—ਇਹ ਹੈ (ਸੱਚਾ) ਪ੍ਰਭੂ-ਮਿਲਾਪ ।੩।੩ ।
Follow us on Twitter Facebook Tumblr Reddit Instagram Youtube