ਪਉੜੀ ॥
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ

Sahib Singh
ਵੇਕਾਰੁ = ਬੇਕਾਰ, ਵੇਹਲਾ {ਨਿਰੇ ਦੁਨੀਆ ਵਾਲੇ ਕੰਮ ਅੰਤ ਨੂੰ ਕੰਮ ਨਹੀਂ ਆਉਂਦੇ ਹਨ, ਨਿਰਾ ਇਹਨਾਂ ਵਿਚ ਰੁੱਝੇ ਰਹਿਣਾ ਜੀਵਨ-ਸਫ਼ਰ ਵਿਚ ਵੇਹਲੇ ਰਹਿਣ ਦੇ ਬਰਾਬਰ ਹੈ} ।
ਢਾਢੀ = ‘ਵਾਰ’ ਗਾਵਣਵਾਲਾ ।
ਕੈ = ਭਾਵੈਂ ।
ਵਾਰ = ਜਸ ਦੀ ਬਾਣੀ ।
ਕਪੜਾ = ਸਿਰੋਪਾਉ ।
ਪਸਾਉ = {ਸੰ: ਪ੍ਰਸਾਦੁ} ਖਾਣ ਵਾਲੀ ਉਹ ਚੀਜ਼ ਜੋ ਆਪਣੇ ਇਸ਼ਟ ਦੇ ਦਰ ਤੇ ਪਹਿਲਾਂ ਭੇਟ ਕੀਤੀ ਜਾਏ ਤੇ ਫਿਰ ਓਥੋਂ ਦਰ ਤੇ ਗਏ ਬੰਦਿਆਂ ਨੂੰ ਮਿਲੇ, ਜਿਵੇਂ ਕੜਾਹ ਪ੍ਰਸ਼ਾਦ, ਗੁਰੂ-ਦਰ ਤੋਂ ਮਿਲਿਆ ਪਦਾਰਥ, ਪ੍ਰਭੂ-ਦਰ ਤੋਂ ਮਿਲੀ ਦਾਤਿ ।
ਪਸਾਉ ਕਰੇ = ਪ੍ਰਭੂ = ਦਰ ਤੋਂ ਮਿਲਿਆ ਭੋਜਨ ਪਾਂਦਾ ਹੈ ਛਕਦਾ ਹੈ ।
ਵਜਾਇਆ = ਗਾਂਵਿਆ ।
    
Sahib Singh
ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ, ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ ।
ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤਿ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ ।
(ਉਸ ਨੇ) ਸੱਚੀ ਸਿਫ਼ਤਿ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ ।
ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ ।
ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ‘ਅੰਮਿ੍ਰਤ ਨਾਮੁ ਭੋਜਨ’) ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ ।
ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤਿ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ) ।
ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ।੨੭ ।
ਸੁਧੁ ।
Follow us on Twitter Facebook Tumblr Reddit Instagram Youtube