ਪਉੜੀ ॥
ਖਸਮੈ ਕੈ ਦਰਬਾਰਿ ਢਾਢੀ ਵਸਿਆ ॥
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
ਦੁਸਮਨ ਕਢੇ ਮਾਰਿ ਸਜਣ ਸਰਸਿਆ ॥
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥

Sahib Singh
ਢਾਢੀ = ਸਿਫ਼ਤਿ ਕਰਨ ਵਾਲਾ ।
ਕਲਾਣਿ = ਕਲਾਣ ਕੇ, ਸਿਫ਼ਤਿ-ਸਾਲਾਹ ਕਰਕੇ ।
ਵਿਗਸਿਆ = ਖਿੜ ਪਿਆ ।
ਪੂਰਾ = ਪੂਰਾ ਮਰਤਬਾ ।
ਰਹਸਿਆ = ਖਿੜ ਆਇਆ ।
ਦੁਸਮਨ = ਕਾਮਾਦਿਕ ਵਿਕਾਰ, ਵੈਰੀ ।
ਸਜਣ = ਨਾਮ ਵਿਚ ਲੱਗੇ ਗਿਆਨ-ਇੰਦ੍ਰੇ ।
ਸੇਵਨਿ = ਸੇਂਵਦੇ ਹਨ, ਹੁਕਮ ਵਿਚ ਤੁਰਦੇ ਹਨ, ਮਾਰਗੁ—ਰਸਤਾ ।
ਵਿਧਉਸਿਆ = ਨਾਸ ਕੀਤਾ ।
ਗੁਣਾਂ ਰਾਸਿ = ਗੁਣ ਦੀ ਪੂੰਜੀ ।
ਗਹਿ = ਗ੍ਰਹਿਣ ਕਰ ਕੇ, ਲੈ ਕੇ ।
    
Sahib Singh
ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ (ਸਦਾ) ਮਾਲਕ ਦੀ ਹਜ਼ੂਰੀ ਵਿਚ ਵੱਸਦਾ ਹੈ ।
ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ ।
ਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ, (ਕਿਉਂਕਿ ਕਾਮਾਦਿਕ ਵਿਕਾਰ) ਵੈਰੀਆਂ ਨੂੰ ਉਹ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ (ਤਾਂ ਫਿਰ ਨਾਮ ਵਿਚ ਲੱਗੇ ਉਸ ਦੇ ਗਿਆਨ-ਇੰਦ੍ਰੇ-ਰੂਪ) ਮਿਤ੍ਰ ਟਹਿਕ ਪੈਂਦੇ ਹਨ, ਇਹ ਗਿਆਨ-ਇੰਦ੍ਰੇ) ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ ।ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ, ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ, (ਇਸ ਤ੍ਰਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ।੨੩ ।
Follow us on Twitter Facebook Tumblr Reddit Instagram Youtube