ਪਉੜੀ ॥
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥
ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥

Sahib Singh
ਨਾਰੀ = ਜੀਵ = ਇਸਤ੍ਰੀ ।
ਪ੍ਰੇਮ = (ਪ੍ਰਭੂ) ਪਿਆਰ (-ਰੂਪ ਗਹਣੇ) ਨਾਲ ।
ਸੀਗਾਰੀਆ = ਸਜੀਆਂ ਹੋਇਆਂ ।
ਵਾਰੀਆ = ਵਰਜੀਆਂ ।
ਸਿਧਾਰੀਆ = ਅੱਪੜੀਆਂ ਹੋਈਆਂ ।
ਸਖੀ = ਸਖੀਆਂ, ਗੋਲੀਆਂ, ਸੇਵਕਾ ।
ਮਨਹੁ = ਦਿਲੋਂ, ਸੱਚੇ ਦਿਲੋਂ ।
ਧਿ੍ਰਗੁ = ਫਿਟੁ, ਫਿਟਕਾਰ = ਜੋਗ ।
ਸਵਾਰੀ ਆਸੁ = ਜੋ ਉਸ ਨੇ ਸੁਧਾਰੀ ਹੈ ।
    
Sahib Singh
ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪਿਆਰ (-ਰੂਪ ਗਹਣੇ ਨਾਲ) ਸਜੀਆਂ ਹੋਈਆਂ ਹਨ, ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ, ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ, ਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ (ਭਾਵ, ਦੁਨੀਆ ਦੇ ਨਾਸਵੰਤ ਪਦਾਰਥ ਨਹੀਂ ਮੰਗਦੀਆਂ, ਸਦਾ-ਕਾਇਮ ਰਹਿਣ ਵਾਲਾ ‘ਪਿਆਰ’ ਹੀ ਮੰਗਦੀਆਂ ਹਨ), (ਪਤੀ-ਪ੍ਰਭੂ ਦੇ) ਹੁਕਮ ਅਨੁਸਾਰ (ਪਤੀ-ਪ੍ਰਭੂ ਤਕ) ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ (ਬੈਠੀਆਂ) ਸੋਭਦੀਆਂ ਹਨ, ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ ।
(ਪਰ) ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ ।
ਜਿਸ ਜੀਵ-ਇਸਤ੍ਰੀ ਨੂੰ (ਅਕਾਲ ਪੁਰਖ) ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਸ ਨੇ (ਨਾਮ-) ਅੰਮਿ੍ਰਤ ਪੀਤਾ ਹੈ ।੨੨ ।
Follow us on Twitter Facebook Tumblr Reddit Instagram Youtube