ਪਉੜੀ ॥
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
ਖਾਲਕ ਕਉ ਆਦੇਸੁ ਢਾਢੀ ਗਾਵਣਾ ॥
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥

Sahib Singh
ਕੇਤੇ = ਬੇਅੰਤ ਜੀਵ ।
ਵਖਾਣ ਕਹਹਿ = ਬਿਆਨ ਕਰਦੇ ਹਨ ।
ਪੜਿਐ = ਪੜ੍ਹਨ ਨਾਲ ।
ਬੁਝਿਐ = ਮਤਿ ਉੱਚੀ ਹੋਣ ਨਾਲ ।
ਖਟੁ ਦਰਸਨ = ਛੇ ਭੇਖ (ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ) ।
ਭੇਖਿ = ਬਾਹਰਲੇ ਧਾਰਮਿਕ ਲਿਬਾਸ ਦੀ ਰਾਹੀਂ ।
ਕਿਸੈ = ਕਿਸੇ ਨੇ ?
    (ਭਾਵ, ਕਿਸੇ ਨੇ ਨਹੀਂ) ।
ਅਲਖੁ = (ਸੰ: ਅਲਖਯ), ਅਦਿ੍ਰਸ਼ਟ, ਜਿਸ ਦੇ ਕੋਈ ਖ਼ਾਸ ਨਿਸ਼ਾਨ ਨਾ ਦਿੱਸਣ ।
ਬਿਸੰਖ = ਅਸੰਖ ਦਾ, ਬੇਅੰਤ ਹਰੀ ਦਾ ।
ਆਦੇਸੁ = ਨਮਸਕਾਰ ।
ਜੁਗੁ ਜੁਗੁ = ਹਰੇਕ ਜੁਗ ਵਿਚ ਮੌਜੂਦ ।
    
Sahib Singh
ਬੇਅੰਤ ਜੀਵ (ਪਰਮਾਤਮਾ ਦੇ ਗੁਣਾਂ ਦਾ) ਬਿਆਨ ਕਰਦੇ ਆਏ ਹਨ ਤੇ ਬਿਆਨ ਕਰ ਕੇ (ਜਗਤ ਤੋਂ) ਚਲੇ ਗਏ ਹਨ, ਵੇਦ (ਆਦਿਕ ਧਰਮ-ਪੁਸਤਕ ਵੀ ਉਸ ਦੇ ਗੁਣ) ਦੱਸਦੇ ਆਏ ਹਨ, (ਪਰ) ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ।
(ਪੁਸਤਕਾਂ) ਪੜ੍ਹਨ ਨਾਲ (ਭੀ ਉਸ ਦਾ) ਭੇਤ ਨਹੀਂ ਪੈਂਦਾ ।
ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ (ਕਿ ਉਹ ਬੇਅੰਤ ਹੈ) ।
ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ ।
ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ ਹੈ ਤਾਂ ਅਦਿ੍ਰਸ਼ਟ, (ਪਰ ਗੁਰ-) ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ ।
ਜੋ ਮਨੁੱਖ ਬੇਅੰਤ ਪ੍ਰਭੂ ਦੇ ‘ਨਾਮ’ ਨੂੰ ਮੰਨਦਾ ਹੈ (ਭਾਵ ਜੋ ਨਾਮ ਵਿਚ ਜੁੜਦਾ ਹੈ), ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ, ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ, ਤੇ, ਹੇ ਨਾਨਕ! ਹਰੇਕ ਜੁਗ ਵਿਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ।੨੧ ।
Follow us on Twitter Facebook Tumblr Reddit Instagram Youtube