ਪਉੜੀ ॥
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
ਆਪੇ ਦੇਇ ਪਿਆਰੁ ਮੰਨਿ ਵਸਾਈਐ ॥
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥

Sahib Singh
ਮਾਰਿ = ਮਾਰ ਕੇ, (ਤ੍ਰਿਸ਼ਨਾ ਨੂੰ) ਮਾਰ ਕੇ {ਨੋਟ:- ਇਸੇ ਤ੍ਰਿਸ਼ਨਾ ਦਾ ਜ਼ਿਕਰ ਪਉੜੀ ਨੰ: ੧੮ ਤੇ ੧੯ ਵਿਚ ਹੈ} ।
ਕਿਨਿ = ਕਿਸ ਨੇ ?
    ਕਿਸੇ ਵਿਰਲੇ ਨੇ ।
ਧਾਈਐ = ਧਾਉਂਦਾ ਹੈ, ਭਟਕਦਾ ਹੈ ।
ਬੁਰਾ = ਭੈੜਾ ।
ਖੈ = ਨਾਸ ਕਰਨ ਵਾਲਾ ।
ਜੰਦਾਰੁ = {ਫ਼ਾਰਸੀ = ਜੰਦਾਲ, ਗਵਾਰ, ਅਵੈੜਾ ।
    ਇਹ ਲਫ਼ਜ਼ ਆਮ ਤੌਰ ਤੇ ਲਫ਼ਜ਼ ‘ਜਮ’ ਦੇ ਨਾਲ ਵਰਤਿਆ ਜਾਣ ਕਰ ਕੇ ਇਕੱਲਾ ਭੀ ‘ਜਮ’ ਦੇ ਅਰਥ ਵਿਚ ਵਰਤਿਆ ਜਾਂਦਾ ਹੈ} ਜਮ ।
ਦਾਈਐ = ਦਾਉ ਲਾ ਕੇ ।
ਮੰਨਿ = ਮਨ ਵਿਚ ।
ਮੁਹਤੁ = ਮੁਹੂਰਤ, ਪਲ = ਮਾਤ੍ਰ ।
ਚਸਾ = ਨਿਮਖ = ਮਾਤ੍ਰ ।
ਵਿਲੰਮੁ = ਢਿੱਲ ।
ਭਰੀਐ ਪਾਈਐ = ਜਦੋਂ ਪਾਈ ਭਰ ਜਾਂਦੀ ਹੈ ।
ਪਾਈ = ਚਾਰ ਟੋਪੇ ਦਾ ਮਾਪ; (ਭਾਵ,) ਜੀਵ ਨੂੰ ਮਿਲੇ ਹੋਏ ਸਾਰੇ ਸੁਆਸਾਂ ਦਾ ਅੰਦਾਜ਼ਾ ।
    
Sahib Singh
(ਹੇ ਬੰਦੇ!) (ਇਸ ਤ੍ਰਿਸ਼ਨਾ ਨੂੰ) ਮਾਰ ਕੇ ਜੀਊਂਦਿਆਂ ਹੀ ਮਰ (ਤਾਕਿ ਅੰਤ ਨੂੰ) ਪਛੁਤਾਣਾ ਨਾ ਪਏ ।
ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ, (ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ, (ਇਹ ਗੱਲ ਚੇਤੇ ਨਹੀਂ ਰੱਖਦਾ ਕਿ) ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ, ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ ।
(ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ ।
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ, (ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ ।੨੦ ।
Follow us on Twitter Facebook Tumblr Reddit Instagram Youtube