ਮਃ ੨ ॥
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥

Sahib Singh
ਆਖਣੁ = ਮੂੰਹ ।
ਇਕ ਵੰਨ = ਇਕ ਰੰਗ ਦੇ, ਇਕ ਇਕ ਕਿਸਮ ਦੇ ।
ਗੁਣੀ = ਗੁਣਾਂ ਦੇ ਮਾਲਕ = ਪ੍ਰਭੂ ਵਿਚ ।
ਭੁਖਿਆ = ਭੁੱਖ ਦੇ ਅਧੀਨ ਹੋਇਆਂ ਦੀ ।
ਗਲੀ = ਗੱਲਾਂ ਕੀਤਿਆਂ (ਭਾਵ) ਸਮਝਾਇਆਂ, ਗੱਲੀਂ ।
    
Sahib Singh
ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ (ਗੱਲਾਂ) ਸੁਣਨ ਨਾਲ ਨਹੀਂ ਰੱਜਦੇ, ਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ) ਇਕ ਇਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ, ਰਸਾਂ ਦੇ ਅਧੀਨ ਹੋਏ ਇਹਨਾਂ ਇੰਦਿ੍ਰਆਂ ਦਾ ਚਸਕਾ ਹਟਦਾ ਨਹੀਂ) ।
ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ ।
ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤਿ੍ਰਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ ।੨ ।
Follow us on Twitter Facebook Tumblr Reddit Instagram Youtube