ਪਉੜੀ ॥
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
ਸਚੇ ਹੀ ਪਤੀਆਇ ਸਚਿ ਵਿਗਸਿਆ ॥
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥

Sahib Singh
ਸਤਿਗੁਰਿ = ਸਤਿਗੁਰੂ ਨੇ ।
ਪਾਤਿਆਇ = ਪਤੀਜ ਕੇ, ਪਰਚ ਕੇ ।
ਵਿਗਸਿਆ = ਖਿੜਿਆ, ਪ੍ਰਸੰਨ ਹੋਇਆ ।
ਕੋਟਿ = ਕੋਟ ਵਿਚ, ਕਿਲ੍ਹੇ ਵਿਚ ।
ਗਿਰਾਂਇ = ਗਿਰਾਂ ਵਿਚ, ਪਿੰਡ ਵਿਚ ।
ਰਹਸਿਆ = ਖਿੜ ਪਿਆ, ਖ਼ੁਸ਼ ਹੋਇਆ ।
ਦੀਬਾਣਿ = ਦਰਬਾਰ ਵਿਚ ।
ਕੂੜਿ = ਕੂੜ ਦੀ ਰਾਹੀਂ ।
ਖੁਆਇਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ ।
ਠਾਕ = ਰੋਕ ।
ਭਾਉ = ਪ੍ਰੇਮ ।
    
Sahib Singh
(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ, ਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ, ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ, ਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ ।
ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ ।ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ, ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ ।
ਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ ।
ਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ ।੧੮ ।
Follow us on Twitter Facebook Tumblr Reddit Instagram Youtube