ਸਲੋਕ ਮਃ ੨ ॥
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥

Sahib Singh
ਅਠੀ ਪਹਰੀ = ਦਿਨ ਦੇ ਅੱਠੇ ਪਹਰਾਂ ਵਿਚ ।
ਅਠ ਖੰਡ = ਧਰਤੀ ਦੇ ਅੱਠ ਹਿੱਸਿਆਂ ਦੇ ਪਦਾਰਥਾਂ ਵਿਚ (ਭਾਵ, ਜੇ ਧਰਤੀ ਨੂੰ ੯ ਖੰਡਾਂ ਵਿਚ ਵੰਡਣ ਦੇ ਥਾਂ ੧ ਖੰਡ ਮਨੁੱਖਾ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਬਾਕੀ ੮ ਖੰਡ ਧਰਤੀ ਦੇ ਸਾਰੇ ਪਦਾਰਥਾਂ ਵਿਚ) ।
ਗੁਣੀ ਗਹੀਰੁ = ਗੁਣਾਂ ਕਰਕੇ ਗਹੀਰ ਪ੍ਰਭੂ ਨੂੰ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਕਰਮਵੰਤੀ—ਭਾਗਾਂ ਵਾਲਿਆਂ ਨੇ ।
ਕਰਿ = ਕਰ ਕੇ, ਧਾਰ ਕੇ ।
ਸੁਰਤਿਆ = ਉੱਕੀ ਸੁਰਤਿ ਵਾਲਿਆਂ ਨੂੰ ।
ਮਨਿ = ਮਨ ਵਿਚ ।
ਦਰਿਆਵਾ ਸਿਉ = ਦਰਿਆਵਾਂ ਨਾਲਿ, ਉਹਨਾਂ ਗੁਰਮੁਖਾਂ ਨਾਲ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ ।
ਪਸਾਉ = ਬਖਸ਼ਸ਼ ।
ਕੰਚਨ = ਸੋਨਾ ।
ਕਸੀਐ = ਕੱਸ ਲਾਈ ਜਾਂਦੀ ਹੈ ।, ਪਰਖ ਕੀਤੀ ਜਾਂਦੀ ਹੈ, ਵੰਨੀ ਚੜਾਉ ਚੜੈ—ਸੋਹਣਾ ਰੰਗ ਚੜ੍ਹਦਾ ਹੈ ।
ਸਤੁ = ਉੱਚਾ ਆਚਰਨ ।
ਫਾਦਲੁ = ਫਜ਼ੂਲ ।
{ਨੋਟ: = ਅਰਬੀ ਦੇ ਅੱਖਰ ‘ਜ਼’ ਦਾ ਉਚਾਰਨ ‘ਦ’ ਭੀ ਹੋ ਸਕਦਾ ਹੈ; ਜਿਵੇਂ ‘ਮਗ਼ਜ਼ੂਬ’ ਅਤੇ ‘ਮਗ਼ਦੂਬ’ ।
    ਸਤਿਗੁਰੂ ਜੀ ਨੇ ਭੀ ਇਸ ‘ਜ਼’ ਨੂੰ ਕਈ ਥਾਈਂ ‘ਦ’ ਕਰ ਕੇ ਉਚਾਰਿਆ ਹੈ, ਜਿਵੇਂ ‘ਕਾਗ਼ਜ਼’ ਤੇ ‘ਕਾਗ਼ਦ’, ‘ਕਾਜ਼ੀਆ’ ਤੇ ‘ਕਾਦੀਆਂ’ ਤੇ ਇਸੇ ਤ੍ਰਹਾਂ ‘ਫਜ਼ੂਲ’ ਤੇ ‘ਫਾਦਲ’} ।
    
Sahib Singh
ਜੇ (ਧਰਤੀ ਦੇ ੯ ਖੰਡਾਂ ਵਿਚੋਂ) ਨਾਵਾਂ ਖੰਡ ਮਨੁੱਖ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਅੱਠੇ ਪਹਰ (ਮਨੁੱਖ ਦੇ ਮਨ ਧਰਤੀ ਦੇ) ਸਾਰੇ ਅੱਠ ਖੰਡੀ ਪਦਾਰਥਾਂ ਵਿਚ ਲੱਗਾ ਰਹਿੰਦਾ ਹੈ ।
ਹੇ ਨਾਨਕ! (ਕੋਈ ਵਿਰਲੇ) ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ ਇਸ (ਨਾਵੇਂ ਖੰਡ ਸਰੀਰ) ਵਿਚ ਨਉ ਨਿਧਿ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ ।
ਸਵੇਰ ਦੇ ਚਉਥੇ ਪਹਰ (ਭਾਵ, ਅੰਮਿ੍ਰਤ ਵੇਲੇ) ਉੱਚੀ ਸੁਰਤਿ ਵਾਲੇ ਬੰਦਿਆਂ ਦੇ ਮਨ ਵਿਚ (ਇਸ ਨਉਨਿਧਿ ਨਾਮ ਲਈ) ਚਾਉ ਪੈਦਾ ਹੁੰਦਾ ਹੈ, (ਉਸ ਵੇਲੇ) ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ (ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ) ਅਤੇ ਉਹਨਾਂ ਦੇ ਮਨ ਵਿਚ ਤੇ ਮੂੰਹ ਵਿਚ ਸੱਚਾ ਨਾਮ ਵੱਸਦਾ ਹੈ ।
ਓਥੇ (ਸਤ-ਸੰਗ ਵਿਚ) ਨਾਮ-ਅੰਮਿ੍ਰਤ ਵੰਡਿਆ ਜਾਂਦਾ ਹੈ, ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤਿ ਮਿਲਦੀ ਹੈ ।
(ਜਿਵੇਂ ਤਾਉ ਦੇ ਦੇ ਕੇ) ਸੋਨੇ (ਨੂੰ ਕੱਸ ਲਾਈਦੀ ਹੈ, ਤਿਵੇਂ ਅੰਮਿ੍ਰਤ ਵੇਲੇ ਦੀ ਘਾਲ-ਕਮਾਈ ਦੀ ਉਹਨਾਂ ਦੇ) ਸਰੀਰ ਨੂੰ ਕੱਸ ਲਾਈਦੀ ਤੇ (ਭਗਤੀ ਦਾ) ਸੋਹਣਾ ਰੰਗ ਚੜ੍ਹਦਾ ਹੈ ।
ਜਦੋਂ ਸਰਾਫ਼ (-ਪ੍ਰਭੂ) ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਫੇਰ ਤਪਾਣ (ਭਾਵ ਹੋਰ ਘਾਲਾਂ) ਦੀ ਲੋੜ ਨਹੀਂ ਰਹਿੰਦੀ ।
(ਅਠਵਾਂ ਪਹਰ ਅੰਮਿ੍ਰਤ ਵੇਲਾ ਪ੍ਰਭੂ-ਚਰਨਾਂ ਵਿਚ ਵਰਤ ਕੇ ਬਾਕੀ ਦੇ) ਸੱਤ ਪਹਰ ਭੀ ਭਲਾ ਆਚਰਨ (ਬਨਾਣ ਦੀ ਲੋੜ ਹੈ) ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ, ਉਹਨਾਂ ਦੀ ਸੰਗਤਿ ਵਿਚ (ਬੈਠਿਆਂ) ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ, ਕਿਉਂਕਿ ਉਸ ਸੰਗਤਿ ਵਿਚ ਖੋਟੇ ਕੰਮਾਂ ਨੂੰ ਸੁੱਟ ਦੇਈਦਾ ਹੈ ਤੇਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ।
ਅਤੇ, ਹੇ ਨਾਨਕ! ਓਥੇ ਇਹ ਭੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ, ਦੁੱਖ ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ ।੧ ।
Follow us on Twitter Facebook Tumblr Reddit Instagram Youtube