ਪਉੜੀ ॥
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥
ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥
ਦੂਜੀ ਕਾਰੈ ਲਗਿ ਜਨਮੁ ਗਵਾਈਐ ॥
ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥
ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥
ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥
ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥
ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥

Sahib Singh
ਕਰਮਿ = ਮਿਹਰ ਨਾਲ ।
ਵਿਸੁ = ਵਿਹੁ, ਜ਼ਹਿਰ ।
ਪੈਝੈ ਖਾਈਐ = ਜੋ ਕੁਝ ਪਹਿਨੀਦਾ ਤੇ ਖਾਈਦਾ ਹੈ ।
ਸੁਖਿ = ਸੁਖ ਵਿਚ ।
ਰਾਸਿ = ਪੂੰਜੀ ।
    
Sahib Singh
ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ, ਗੁਰੂ ਦੀ ਮਤਿ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ।
(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ, (ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ ।
ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ ।
ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ ।
ਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ) ।
ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ।੧੪ ।
Follow us on Twitter Facebook Tumblr Reddit Instagram Youtube