ਮਃ ੧ ॥
ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥
ਇਕਨਾ ਛਤੀਹ ਅੰਮ੍ਰਿਤ ਪਾਹਿ ॥
ਇਕਿ ਮਿਟੀਆ ਮਹਿ ਮਿਟੀਆ ਖਾਹਿ ॥
ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥
ਇਕਿ ਨਿਰੰਕਾਰੀ ਨਾਮ ਆਧਾਰਿ ॥
ਜੀਵੈ ਦਾਤਾ ਮਰੈ ਨ ਕੋਇ ॥
ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥

Sahib Singh
ਪਾਹਿ = ਮਿਲਦੇ ਹਨ ।
ਪਉਣ = ਹਵਾ, ਸੁਆਸ ।
ਪਉਣ ਸੁਮਾਰੀ = ਸੁਆਸਾਂ ਨੂੰ ਗਿਣਨ ਵਾਲੇ, ਪ੍ਰਾਣਾਯਾਮ ਕਰਨ ਵਾਲੇ ।
ਪਉਣ ਸੁਮਾਰਿ = ਸੁਆਸਾਂ ਦੇ ਗਿਣਨ ਵਿਚ, ਪ੍ਰਾਣਾਯਾਮ ਵਿਚ ।
ਆਧਾਰਿ = ਆਸਰੇ ਹੇਠ ।
ਜੀਵੈ = ਜੀਉਂਦਾ ਹੈ, (ਭਾਵ,) ਰਾਖਾ ਹੈ ।
ਮੁਠੇ ਜਾਹਿ = ਠੱਗੇ ਜਾਂਦੇ ਹਨ ।
ਕੋਇ = ਜੋ ਕੋਈ, ਜੋ ਮਨੁੱਖ ।
    
Sahib Singh
ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ ।
ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ, ਤੇ ਕਈ ਮਿੱਟੀ ਵਿਚ (ਰਹਿ ਕੇ) ਮਿੱਟੀ ਖਾਂਦੇ ਹਨ ।
ਕਈ ਪ੍ਰਾਣਾਯਾਮ ਦੇ ਅੱਭਿਆਸੀ ਪ੍ਰਾਣਾਯਾਮ ਵਿਚ ਲੱਗੇ ਰਹਿੰਦੇ ਹਨ, ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ ਦੇ ਆਸਰੇ ਜੀਉਂਦੇ ਹਨ ।
ਜੋ ਮਨੁੱਖ (ਇਹ ਮੰਨਦਾ ਹੈ ਕਿ) ਸਿਰ ਤੇ ਦਾਤਾ ਰਾਖਾ ਹੈ ਉਹ (ਪ੍ਰਭੂ ਨੂੰ ਵਿਸਾਰ ਕੇ ਆਤਮਕ ਮੌਤ) ਨਹੀਂ ਮਰਦਾ ।
ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ ।੨ ।
Follow us on Twitter Facebook Tumblr Reddit Instagram Youtube