ਸਲੋਕੁ ਮਃ ੧ ॥
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥

Sahib Singh
ਅਸਗਾਹ = ਡੂੰਘੇ ਪਾਣੀ ।
ਗਿਰਾਹ = ਗਿਰਾਹੀ, ਰੋਟੀ ।
ਕਿਅ ਸਾਹ = ਕਿਆ ਸਾਹ ?
    ਸਾਹ ਦੀ ਕੀਹ ਲੋੜ ਪੈਂਦੀ ਹੈ ?
    ਲਫ਼ਜ਼ ‘ਕਿਆ’ ਦੇ ਥਾਂ ‘ਕਿਆ ਵਰਤਿਆ ਗਿਆ ਹੈ ।
    ਇਸ ‘ਵਾਰ’ ਵਿਚ ਲਫ਼ਜ਼ ‘ਕਿਆ’ ਬਹੁਤ ਵਾਰੀ ਆਇਆ ਹੈ; ਜਿਵੇਂ “ਕਿਆ ਮੈਦਾ.......”, “ਮਛੀ ਤਾਰੂ ਕਿਆ ਕਰੇ”, ਇਸ ਲਫ਼ਜ਼ ‘ਕਿਅ’ ਤੇ ‘ਕਿਆ ਦਾ ਭਾਵ ਮਿਲਦਾ ਹੈ ।
    ਪਰ ਲਫ਼ਜ਼ ‘ਕਿ’ ਨੂੰ ਤੇ ‘ਅਸਾਹ’ ਨੂੰ ਵੱਖ ਕਰਕੇ ‘ਕਿ’ ਦਾ ਅਰਥ “ਕੀ ਅਚਰਜ” “ਕੀ ਵੱਡੀ ਗੱਲ” ਕਰਨਾ ਅਸੁੱਧ ਹੈ ।
    ‘ਗੁਰਬਾਣੀ’ ਵਿਚੋਂ ਹੋਰਥੈ ਕਿਤੇ ਭੀ ਐਸਾ ਪ੍ਰਮਾਣ ਮਿਲਣਾ ਚਾਹੀਦਾ ਹੈ ।, ਸੋ, ਪਦ-ਛੇਦ ‘ਕਿਅ ਸਾਹ’ ਚਾਹੀਦਾ ਹੈ ।
    
Sahib Singh
ਇਹਨਾਂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ) ।
ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ—ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ ।
ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ ।
ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ ।
ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ ‘ਸਾਹ’ ਦੀ ਭੀ ਕੀਹ ਮੁਥਾਜੀ ਹੈ ?
ਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ ।੧ ।
Follow us on Twitter Facebook Tumblr Reddit Instagram Youtube